ਬੌਲੀਵੁੱਡ ਦੇ ਨਵੇਂ ਕਾਮੇਡੀਅਨ !    ਉਮਦਾ ਪੰਜਾਬੀ ਸੰਗੀਤ ਨਿਰਦੇਸ਼ਕ ਸ਼ਿਆਮ ਸੁੰਦਰ !    ਸਿੱਖ ਇਤਿਹਾਸ ਤੇ ਵਿਰਾਸਤ ਦਾ ਚਿੱਤਰਕਾਰ ਤ੍ਰਿਲੋਕ ਸਿੰਘ !    ਪਰਿਵਾਰਕ ਰਿਸ਼ਤਿਆਂ ਦੀ ਫ਼ਿਲਮ !    ਸ਼ਾਇਰੀ ਤੋਂ ਫ਼ਿਲਮਸਾਜ਼ੀ ਤਕ ਅਮਰਦੀਪ ਗਿੱਲ !    ਦੋ ਭਰਾਵਾਂ ਦੀ ਕਹਾਣੀ !    ਛੋਟਾ ਪਰਦਾ !    ਦੋ ਪੈਰ ਘੱਟ ਤੁਰਨਾ...ਜੋਹੈਨਸ ਵਰਮੀਰ !    ਕੁੜੀਆਂ-ਚਿੜੀਆਂ ਤੇ ਸੂਈ ਧਾਗਾ !    ਰੀਝ ਵਾਲਾ ਕੰਮ !    

ਦੁਰਗਾ ਦੇ ਨੌਂ ਰੂਪ

Posted On March - 17 - 2010

ਨਵਰਾਤਰੇ

ਸੱਤ ਪ੍ਰਕਾਸ਼ ਸਿੰਗਲਾ
ਨਵਰਾਤਰੇ ਸਾਲ ਵਿੱਚ ਦੋ ਵਾਰ ਚੇਤ ਅਤੇ ਅੱਸੂ ਦੇ ਮਹੀਨਿਆਂ ਵਿੱਚ ਆਉਂਦੇ ਹਨ। ਚੇਤ ਮਹੀਨੇ ਦੇ ਨਵਰਾਤਰਿਆਂ ਨੂੰ ਬਸੰਤੀ ਨਵਰਾਤਰੇ ਕਿਹਾ ਜਾਂਦਾ ਹੈ। ਇਹ ਚੇਤ ਮਹੀਨੇ ਦੇ ਸ਼ੁਕਲ ਪੱਖ ਦੀ ਏਕਮ ਤੋਂ ਲੈ ਕੇ ਨੌਵੀਂ ਤੱਕ ਨੌਂ ਦੇਵੀਆਂ ਦੇ ਰੂਪ ਵਿੱਚ ਮਾਤਾ ਦੁਰਗਾ ਦੀ ਪੂਜਾ ਉਪਾਸਨਾ ਕਰਕੇ ਮਨਾਏ ਜਾਂਦੇ ਹਨ। ਇਸ ਦੌਰਾਨ ਸ਼ਰਧਾ ਅਨੁਸਾਰ ਵਰਤ ਵੀ ਕੀਤੇ ਜਾਂਦੇ ਹਨ ਅਤੇ ਦੁਰਗਾ ਮਾਤਾ ਤੋਂ ਪਰਿਵਰ ਦੀ ਸੁੱਖ-ਸ਼ਾਂਤੀ ਦੀ ਕਾਮਨਾ ਕੀਤੀ ਜਾਂਦੀ ਹੈ। ਇਨ੍ਹਾਂ ਨਵਰਾਤਰਿਆਂ ਦੌਰਾਨ ਅਨੇਕਾਂ ਹੀ ਸ਼ੁਭ ਕੰਮ ਕੀਤੇ ਜਾਂਦੇ ਹਨ। ਮੰਨਿਆ ਜਾਂਦਾ ਹੈ ਕਿ ਨਵਰਾਤਰਿਆਂ ਵਿੱਚ ਕੀਤੀ ਜਾਂਦੀ ਪੂਜਾ, ਤਪ, ਸਾਧਨਾ ਯੰਤਰ, ਸਿੱਧੀਆਂ ਅਤੇ ਤਾਂਤਰਿਕ ਅਨੁੰਸ਼ਠਾਨ ਪੂਰਨ ਤੌਰ ‘ਤੇ ਪ੍ਰਭਾਵਸ਼ਾਲੀ ਹੁੰਦੇ ਹਨ। ਮਾਨਤਾ ਇਹ ਵੀ ਹੈ ਕਿ ਇਨ੍ਹਾਂ ਦਿਨਾਂ ਵਿੱਚ ਆਦਿ ਸ਼ਕਤੀ ਜਗਦੰਬਾ ਜੀ ਖੁਦ ਮੂਰਤੀਮਾਨ ਹੋ ਕੇ ਬਿਰਾਜਦੇ ਹਨ ਅਤੇ ਸ਼ਰਧਾਲੂਆਂ ਵੱਲੋਂ ਕੀਤੀ ਜਾਂਦੀ ਪੂਜਾ ਉਪਾਸਨਾ ਦਾ ਫਲ ਪ੍ਰਦਾਨ ਕਰਦੇ ਹਨ।
ਧਰਮ ਸ਼ਾਸਤਰਾਂ ਅਨੁਸਾਰ ਕਿਹਾ ਜਾਂਦਾ ਹੈ ਕਿ ਮਹਾਂਸ਼ਕਤੀ ਦੂਰਗਾ ਦੀ ਉਤਪਤੀ ਧਰਮ, ਅਰਥ, ਮੋਕਸ਼ ਅਤੇ ਬੁਰਾਈ ਉਪਰ ਜਿੱਤ ਲਈ ਹੋਈ ਸੀ ਅਤੇ ਦੁਰਗਾ ਉਤਪਤੀ ਕਥਾ ਅਨੁਸਾਰ ਪੁਰਾਣੇ ਸਮਿਆਂ ਵਿੱਚ ਦੇਵਤਿਆਂ ਅਤੇ ਰਾਕਸ਼ਸਾਂ ਵਿੱਚ 100 ਸਾਲ ਤੱਕ ਮਹਾਂਯੁੱਧ ਹੋਇਆ ਸੀ। ਇਸ ਯੁੱਧ ਵਿੱਚ ਦੇਵਤਿਆਂ ਦਾ ਰਾਜਾ ਇੰਦਰ ਅਤੇ ਰਾਕਸ਼ਸਾਂ ਦਾ ਰਾਜਾ ਮਹਿਸਾਸੁਰ ਸੀ। ਯੁੱਧ ਵਿੱਚ ਮਹਿਸਾਸੁਰ ਨੇ ਅਗਨੀ, ਵਾਯੂ, ਚੰਦਰ, ਇੰਦਰ ਅਤੇ ਯੱਗ ਸਭਨਾਂ ਦੇ ਅਧਿਕਾਰ ਖੋਹ ਲਏ ਅਤੇ  ਉਨ੍ਹਾਂ ਦਾ ਕੰਮ ਰਾਕਸ਼ਸ ਖੁਦ ਹੀ ਚਲਾਉਣ ਲੱਗ ਪਏ। ਨਿਰਾਸ਼ ਹੋਏ ਦੇਵਤਾ ਬ੍ਰਹਮਾ ਜੀ ਨੂੰ ਨਾਲ ਲੈ ਕੇ ਉਥੇ ਪੁੱਜੇ ਜਿੱਥੇ ਭਗਵਾਨ ਵਿਸ਼ਨੂੰ ਅਤੇ ਸ਼ੰਕਰ ਜੀ ਬਿਰਾਜਮਾਨ ਸਨ। ਉਨ੍ਹਾਂ ਮਹਿਸਾਸੁਰ ਦੁਆਰਾ ਸ੍ਰਿਸ਼ਟੀ ਨੂੰ ਖੇਰੂੰ-ਖੇਰੂੰ ਕਰਨ ਦੀ ਸਾਰੀ ਕਹਾਣੀ ਜਦੋਂ ਸੁਣਾਈ ਤਾਂ ਭਗਵਾਨ ਵਿਸ਼ਨੂੰ ਅਤੇ ਸ਼ੰਕਰ ਦਾ ਪੁੰਨ ਪ੍ਰਕੋਪ ਜਾਗ ਉਠਿਆ ਜਿਸ ਤੋਂ ਮਾਂ ਦੁਰਗਾ ਦੀ ਉਤਪਤੀ ਹੋਈ ਅਤੇ ਸਭ ਦੇਵਤਿਆਂ ਨੇ ਸ਼ਕਤੀ ਮਾਤਾ ਦੁਰਗਾ ਨੂੰ ਮਹਿਸਾਸੁਰ ਦਾ ਖਾਤਮਾ ਕਰਨ ਦੀ ਬੇਨਤੀ ਕੀਤੀ ਅਤੇ ਇਸ ਤੋਂ ਬਾਅਦ ਦੁਰਗਾ ਮਾਤਾ ਦਾ ਲਗਾਤਾਰ ਨੌਂ ਦਿਨ ਰਾਕਸ਼ਸਾਂ ਨਾਲ ਘੋਰ ਯੁੱਧ ਹੋਇਆ ਅਤੇ ਦਸਵੇਂ ਦਿਨ ਮਾਤਾ ਦੁਰਗਾ ਨੇ ਮਹਿਸਾਸੁਰ ਦਾ ਸਿਰ ਕੱਟ ਦਿੱਤਾ ਅਤੇ ਰਾਕਸ਼ਸ ਸੈਨਾ ਤੋਂ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਨੌਂ ਦਿਨਾਂ ਵਿੱਚ ਦੁਰਗਾ ਮਾਤਾ ਦੀ ਸਤੁਤੀ ਕੀਤੀ ਗਈ ਅਤੇ ਇਨ੍ਹਾਂ ਨੌਂ ਦਿਨਾਂ ਨੂੰ ਹੀ ਨਵਰਾਤਰੇ ਯਾਨੀ ਦੁਰਗਾ ਮਾਤਾ ਦੇ ਨੌਂ ਰੂਪ ਸ਼ੈਲਪੁੱਤਰੀ, ਬ੍ਰਹਮਚਾਰਿਨੀ, ਚੰਦਰਘੰਟਾ, ਕਸ਼ਮਾਂਡਾ, ਸਕੰਧਮਾਤਾ, ਕਾਤਯਾਨੀ, ਕਾਲਰਾਤਰੀ, ਮਹਾਂਗੌਰੀ ਅਤੇ ਸਿੱਧੀਦਾਤਰੀ ਆਦਿ ਨੌਂ ਨਾਵਾਂ ਨਾਲ ਪ੍ਰਤਿਸ਼ਠਤ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਭਗਤੀ ਦਾ ਜਿਹੜਾ ਫਲ ਸਤਯੁੱਗ, ਤਰੇਤਾ ਜਾਂ ਦੁਆਪਰ ਯੁੱਗ ਵਿੱਚ ਹਜ਼ਾਰਾਂ ਸਾਲਾਂ ਤੱਕ ਯੱਗ-ਤਪ ਆਦਿ ਕਰਨ ਮਗਰੋਂ ਮਿਲਦਾ ਸੀ, ਕਲਯੁੱਗ ਵਿੱਚ ਉਹ ਫਲ ਮਾਂ ਦੁਰਗਾ ਦਾ ਨਾਂ ਜਪਣ ਮਾਤਰ  ਹੀ ਮਿਲਦਾ ਹੈ।
ਇਕ ਜਾਣਕਾਰੀ ਅਨੁਸਾਰ ਰੁਦਰ ਅਵਤਾਰ ਭਗਵਾਨ ਸ਼ੰਕਰ ਜੀ ਦੇ ਤੇਜ ਨਾਲ ਦੇਵੀ ਦੇ ਮੁੱਖ ਦੀ ਸੰਰਚਨਾ ਹੋਈ, ਯਮਰਾਜ ਦੇ ਤੇਜ ਨਾਲ ਦੇਵੀ ਦੇ ਕੇਸ, ਹਰੀ ਵਿਸ਼ਨੂੰ ਦੇ ਤੇਜ ਨਾਲ ਸ਼ਕਤੀਸ਼ਾਲੀ ਬਾਹਾਂ, ਚੰਦਰਮਾ ਦੇ ਤੇਜ ਨਾਲ ਛਾਤੀਆਂ, ਇੰਦਰ ਦੇ ਤੇਜ ਨਾਲ ਕਮਰ, ਵਰੁਣ ਦੇ ਤੇਜ ਨਾਲ ਜੰਘਾਵਾਂ, ਧਰਤੀ ਤੋਂ ਨਿਤੰਭ, ਬ੍ਰਹਮਾ ਜੀ ਦੇ ਤੇਜ ਨਾਲ ਪੈਰਾਂ ਦੀਆਂ ਉਂਗਲੀਆਂ, ਅਗਨੀ ਦੇ ਤੇਜ ਨਾਲ ਦੋਵੇਂ ਅੱਖਾਂ ਬਣੀਆਂ। ਇਸ ਤਰ੍ਹਾਂ ਸਭ ਦੇਵਤਿਆਂ ਦੇ ਤੇਜ ਨਾਲ ਸਾਰੇ ਅੰਗ ਬਣਨ ਮਗਰੋਂ ਦੇਵਤਿਆਂ ਨੇ ਦੁਰਗਾਮਾਤਾ ਨੂੰ ਆਪਣੇ ਸ਼ਸਤਰ ਪ੍ਰਦਾਨ ਕੀਤੇ, ਜਿਸ ਮੁਤਾਬਕ ਭਗਵਾਨ ਸ਼ਿਵ ਦੇ ਤਿਰਸ਼ੂਲ, ਲਕਸ਼ਮੀ ਜੀ ਨੇ ਕਮਲ ਪੁਸ਼ਪ, ਵਿਸ਼ਨੂੰ ਨੇ ਚੱਕਰ, ਵਰੁਣ ਨੇ ਸ਼ੰਖ, ਇੰਦਰ ਨੇ ਬੱਜਰ, ਭਗਵਾਨ ਰਾਮ ਨੇ ਧਨੁਸ਼, ਹਨੂੰਮਾਨ ਜੀ ਨੇ ਗਦਾ, ਬ੍ਰਹਮਾ ਜੀ ਨੇ ਵੇਦ, ਪਰਬਤ ਰਾਜ ਹਿਮਾਲਾ ਨੇ ਸਵਾਰੀ ਲਈ ਸ਼ੇਰ ਪ੍ਰਦਾਨ ਕੀਤਾ। ਦੇਵੀ ਦੇ ਇਨ੍ਹਾਂ ਅਲੱਗ-ਅਲੱਗ ਰੂਪਾਂ ਦੀ ਅਰਾਧਨਾ ਕਰਨ ਨਾਲ ਪ੍ਰਾਪਤ ਹੁੰਦੇ ਫਲ ਦੀ ਸੰਖੇਪ ਜਾਣਕਾਰੀ ਇਸ ਪ੍ਰਕਾਰ ਹੈ:
1. ਸ਼ੈਲਪੁੱਤਰੀ: ਪਰਬਤ ਰਾਜ ਹਿਮਾਲਾ ਦੀ ਪੁੱਤਰੀ ਦੇ ਰੂਪ ਵਿੱਚ ਪੈਦਾ ਹੋਣ ਨਾਲ ਦੇਵੀ ਜਗਦੰਬਾ ਸ਼ੈਲਪੁੱਤਰੀ ਕਹਾਈ। ਪੱਕੀ ਸੰਕਲਪ ਸ਼ਕਤੀ ਨਾਲ ਪੂਰਨ ਸ਼ੈਲਪੁੱਤਰੀ ਦੀ ਅਰਾਧਨਾ ਨਾਲ ਪ੍ਰਾਣੀ ਆਪਣੇ ਇਰਾਦੇ ਦੀ ਪ੍ਰਾਪਤੀ ਕਰਦਾ ਹੈ, ਪ੍ਰੰਤੂ ਇਹ ਅਰਾਧਨਾ ਇੱਛਾ ਸ਼ਕਤੀ ਹੰਕਾਰ ਪੂਰਨ ਨਹੀਂ ਹੋਣੀ ਚਾਹੀਦੀ।
2. ਬ੍ਰਹਮਚਾਰਿਨੀ: ਮਾਤਾ ਬ੍ਰਹਮਚਾਰਿਨੀ ਦੀ ਉਪਾਸਨਾ ਬ੍ਰਹਮ ਮੰਤਰ ਨਾਲ ਕਰਨ ‘ਤੇ ਇਹ ਅਤਿਅੰਤ ਪ੍ਰਸੰਨ ਹੁੰਦੇ ਹਨ ਅਤੇ ਕ੍ਰਿਪਾਦ੍ਰਿਸ਼ਟੀ ਨਾਲ ਉਸ ਦਾ ਕਲਿਆਣ ਕਰਦੇ ਹਨ। ਸਦਾ ਰੁਦਰਾਕਸ਼ ਧਾਰਨ ਕਰਨ ਵਾਲੀ ਬ੍ਰਹਮਚਾਰਿਨੀ ਮਾਤਾ ਨੂੰ ਬਾਰਮਬਾਰ ਨਮਸਕਾਰ ਹੈ।
3. ਚੰਦਰਘੰਟਾ: ਚੰਦਰਮਾ ਵਾਂਗ ਸੀਤਲ ਗਿਆਨ ਦਾ ਪ੍ਰਕਾਸ਼ ਫੈਲਾਉਣ ਵਾਲੀ ਮਾਤਾ ਚੰਦਰਘੰਟਾ ਆਪਣੇ ਭਗਤਾਂ ਪ੍ਰਤੀ ਸਦਾ ਹੀ ਵਿਨੈਸ਼ੀਲ ਰਹਿੰਦੀ ਹੈ। ਭਗਤਾਂ ਨੂੰ ਸਦਾ ਪੁੱਤਰ ਦੀ ਦ੍ਰਿਸ਼ਟੀ ਨਾਲ ਨਿਹਾਰਨ ਵਾਲੀ ਮਾਤਾ ਚੰਦਰਘੰਟਾ ਦੇ ਚਰਨਾਂ ਦੀ ਵੰਦਨਾ ਕਰਨ ਨਾਲ ਆਤਮਾ ਨੂੰ ਸ਼ਕਤੀ ਪ੍ਰਾਪਤ ਹੁੰਦੀ ਹੈ। ਕਾਂਜੀਪੂਰਮ (ਕਰਨਾਟਕ) ਵਿਖੇ ਸਥਿਤ ਮਾਤਾ ਚੰਦਰਘੰਟਾ ਦੇ ਮੰਦਰ ਵਿੱਚ ਜੋ ਵੀ ਭਗਤ ਮੁਰਾਦਾਂ ਲੈ ਕੇ ਜਾਂਦਾ ਹੈ ਉਹ ਸਦਾ ਪੂਰੀਆਂ ਹੁੰਦੀਆਂ ਹਨ।
4. ਕੁਸ਼ਮਾਂਡਾ: ਇਸ ਮਾਤਾ ਦਾ ਬਸੇਰਾ ਭੀਮ ਪਰਬੱਤ ਉਪਰ ਹੈ। ਪ੍ਰਾਣੀ ਨੂੰ ਵੈਦਿਕ, ਦੈਵਿਕ ਅਤੇ ਭੌਤਿਕ ਤਿੰਨੋਂ ਪ੍ਰਕਾਰ ਦੇ ਤਪ (ਦੁੱਖ) ਅਤਿਅੰਤ ਦੁਖੀ ਕਰਦੇ ਹਨ। ਇਨ੍ਹਾਂ ਤੋਂ ਮੁਕਤੀ ਲਈ ਹੀ ਮਾਤਾ ਕੁਸ਼ਮਾਂਡਾ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਜੋ ਮਨੁੱਖ ਪੂਰੀ ਸ਼ਰਧਾ ਨਾਲ ਵਿਧੀ ਅਨੁਸਾਰ ਪੂਜਾ ਅਤੇ ਜਾਪ ਕਰਦਾ ਹੈ ਉਸ ਨੂੰ ਪਰਮ ਸੁੱਖ ਅਤੇ ਸ਼ਾਂਤੀ ਮਿਲਦੀ ਹੈ।
5. ਸਕੰਧਮਾਤਾ: ਇਹ ਮਾਤਾ ਸਮਾਜ ਤੋਂ ਤਰਿਸਕਰਿਤ, ਵਿਵੇਕਹੀਣ ਮਨੁੱਖਾਂ ਨੂੰ ਸਦਾ ਆਪਣੇ ਚਰਨਾਂ ਵਿੱਚ ਸਥਾਨ ਦਿੰਦੇ ਹਨ। ਇਸ ਦੇ ਚਰਨਾਂ ਵਿੱਚ ਇਕ ਵਾਰ ਸਿਰ ਰੱਖਣ ਵਾਲੇ ਪ੍ਰਾਣੀ ਨੂੰ ਦਿਵਯ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਹ ਕਰੁਨਾਮਾਈ ਮਾਂ ਸਭ ‘ਤੇ ਕ੍ਰਿਪਾ ਕਰਕੇ ਗਿਆਨ ਦੀ ਜੋਤ ਜਗਾਉਂਦੀ ਹੈ।
6. ਕਾਤਯਾਨੀ ਦੇਵੀ: ਇਹ ਮਾਤਾ  ਵੈਦ ਨਾਥ ਸਥਾਨ ‘ਤੇ ਪ੍ਰਗਟ ਹੋ ਕੇ ਆਪਣੇ ਕ੍ਰਿਪਾ ਰੂਪੀ ਪ੍ਰਸ਼ਾਦ ਨਾਲ ਸੰਸਾਰ ਦੇ ਸਾਰੇ ਪ੍ਰਾਣੀਆਂ ਦੀ ਮਨੋਕਾਮਨਾ ਪੂਰੀ ਕਰਦੀ ਹੈ। ਇਨ੍ਹਾਂ ਦੀ ਕ੍ਰਿਪਾ ਤੋਂ ਬਗੈਰ ਸਿੱਖਿਆ ਦਾ ਕੰਮ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ। ਉਪਰਾਲਾ ਕਰਨ ਵਾਲੇ ਹਰ ਪ੍ਰਾਣੀ ਵੱਲੋਂ ਸੱਚੇ ਮਨ ਨਾਲ ਇਨ੍ਹਾਂ ਦੀ ਅਰਾਧਨਾ ਕਰਨ ‘ਤੇ ਕੁਝ ਵੀ ਦੁਰਲਭ ਨਹੀਂ ਹੈ।
7. ਕਾਲਰਾਤਰੀ: ਸੰਸਾਰ ਦੇ ਅੰਧਕਾਰ ਨੂੰ ਦੂਰ ਕਰਕੇ ਗਿਆਨ ਰੂਪੀ ਪ੍ਰਕਾਸ਼ ਫੈਲਾਉਣ ਵਾਲੀ ਇਸ ਮਾਤਾ ਦੇ ਪ੍ਰਤੀ ਮਨ ਵਿੱਚ ਸਨੇਹ ਪੈਦਾ ਹੋਣ ਨਾਲ ਹੀ ਮਨ ਦਾ ਅੰਧਕਾਰ ਦੂਰ ਹੋ ਜਾਂਦਾ ਹੈ। ਇਸ ਮਾਤਾ ਦਾ ਸਿੱਧਪੀਠ ਕਲਕੱਤਾ ਵਿੱਚ ਹੈ, ਜਿੱਥੇ ਦੂਰ-ਦੂਰ ਤੋਂ ਹਜ਼ਾਰਾਂ ਸ਼ਰਧਾਲੂ ਨਤਮਸਤਕ ਹੋ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ। ਇਨ੍ਹਾਂ ਦੀ ਕ੍ਰਿਪਾ ਹੁੰਦੇ ਹੀ ਅਗਿਆਨ ਰੂਪੀ ਅੰਧੇਰਾ ਦੂਰ ਭੱਜਦਾ ਹੈ ਅਤੇ ਗਿਆਨ ਪ੍ਰਕਾਸ਼ ਮਿਲਦਾ ਹੈ।
8. ਮਹਾਂਗੋਰੀ: ਇਨ੍ਹਾਂ ਦਾ ਸਿੱਧਪੀਠ ਸਥਾਨ ਹਰਿਦੁਆਰ ਕੋਲ ਕਨਖਲ ਵਿਖੇ ਹੈ, ਜਿੱਥੇ ਨਾਰੀ ਸ਼ਕਤੀ ਦੇ ਰੂਪ ਵਿੱਚ ਮਹਾਂਦੇਵੀ ਗੋਰੀ ਅੱਠਵੀਂ ਮੂਰਤ ਦੇ ਰੂਪ ਵਿੱਚ ਸਥਾਪਤ ਹਨ। ਇਨ੍ਹਾਂ ਨੇ ਭਗਵਾਨ ਸ਼ਿਵ ਨੂੰ ਪ੍ਰਾਪਤ ਕੀਤਾ, ਜੋ ਪ੍ਰਾਣੀ ਮਾਤਾ ਦੇ ਚਰਨਾਂ ਦਾ ਧਿਆਨ ਧਰਦਾ ਹੈ ਉਸ ਨੂੰ ਦੁਨਿਆਵੀ ਸੁੱਖਾਂ ਦੀ ਪ੍ਰਾਪਤੀ ਤਾਂ ਹੁੰਦੀ ਹੀ ਹੈ ਨਾਲ-ਨਾਲ ਪਰਲੋਕ ਵਿੱਚ ਵੀ ਉੱਤਮ ਸਥਾਨ ਹਾਸਲ ਕਰਦਾ ਹੈ।
9. ਸਿੱਧੀਦਾਤਿਰੀ: ਇਹ ਮਾਤਾ ਹਿਮਾਚਲ ਦੇ ਨੰਦਾ ਪਰਬੱਤ ‘ਤੇ ਵਿਰਾਜਮਾਨ ਹਨ। ਸਾਰੀਆਂ ਸਿੱਧੀਆਂ ਪ੍ਰਦਾਨ ਕਰਨ ਵਿੱਚ ਸਮਰੱਥ ਦੁਰਗਾ ਦੀ ਨੌਵੀਂ ਮੂਰਤੀ ਸਿੱਧੀਦਾਤਿਰੀ ਦੇ ਰੂਪ ਵਿੱਚ ਜਗਤ ਪ੍ਰਸਿੱਧ ਹੈ। ਇਨ੍ਹਾਂ ਦੀ ਕ੍ਰਿਪਾ ਨਾਲ ਸੰਸਾਰ ਦੀਆਂ ਸਭ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ।
ਇਸ ਤਰ੍ਹਾਂ ਨਾਲ ਮਾਤਾ ਦੁਰਗਾ ਦੇ ਇਨ੍ਹਾਂ ਨੌਂ ਦਿਨਾਂ ਦਾ ਮਾਤਾ ਦੁਰਗਾ ਦੇ ਨੌਂ ਰੂਪਾਂ ਵਿੱਚ ਵਰਨਣ ਕੀਤਾ ਗਿਆ ਹੈ, ਜਿਨ੍ਹਾਂ ਦੀ ਵਿਧੀ ਅਨੁਸਾਰ ਕੀਤੀ ਪੂਜਾ ਅਰਾਧਨਾ ਨਾਲ ਸੰਸਾਰ ਦੇ ਸਮਸਤ ਪ੍ਰਾਣੀਆਂ ਦਾ ਕਲਿਆਨ ਹੁੰਦਾ ਹੈ ਅਤੇ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ। ਇਸ ਤਰ੍ਹਾਂ ਬੜੇ ਹੀ ਲਾਭਦਾਇਕ ਅਤੇ ਫਲਦਾਈ ਹਨ ਮਾਤਾ ਦੇ ਇਹ ਨਵਰਾਤਰੇ।


Comments Off on ਦੁਰਗਾ ਦੇ ਨੌਂ ਰੂਪ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.