ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਜਿਸ ਨੇ ਵੇਖਿਆ ਨੀ ਜੈਪੁਰ

Posted On March - 17 - 2010

ਸਫਰ ਦ੍ਰਿਸ਼ਟੀਕੋਣ ਦਾ

ਬਰਿਸ਼ ਭਾਨ ਘਲੋਟੀ
ਪਿਛਲੇ ਦਿਨੀਂ ਵਿਭਾਗੀ ਟ੍ਰੇਨਿੰਗ ਵਿਚ ਹਿੱਸਾ ਲੈਣ ਲਈ ਜੈਪੁਰ ਜਾਣਾ ਪਿਆ। ਅਜਿਹੇ ਹੀ ਟ੍ਰੇਨਿੰਗ ਪ੍ਰੋਗਰਾਮਾਂ ਦੀ ਬਦੌਲਤ ਮੈਂ ਕਈ ਵਾਰ ਇਸ ਸ਼ਹਿਰ ਜਾ ਆਇਆ ਹਾਂ। ਇਥੋਂ ਦੇ ਦੇਖਣਯੋਗ ਸਥਾਨਾਂ ਜਿਵੇਂ ਜੰਤਰ ਮੰਤਰ, ਜੈਪੁਰ ਦਾ ਕਿਲਾ, ਆਮੇਰ ਦਾ ਕਿਲਾ, ਮਿਊਜ਼ੀਅਮ, ਬਿਰਲਾ ਮੰਦਰ, ਬਿਰਲਾ ਪਲੈਨੀਟੋਰੀਅਮ, ਹਵਾ ਮਹਿਲ, ਜਲ ਮਹਿਲ ਤੋਂ ਇਲਾਵਾ ਬੜੀ ਚੌਪੜ, ਛੋਟੀ ਚੌਪੜ, ਰਾਜ ਮੰਦਰ ਸਿਨੇਮਾ, ਚੋਖੀ ਢਾਣੀ ਤੇ ਹੋਰ ਥਾਵਾਂ ਨੂੰ ਕਈ ਵਾਰ ਦੇਖਣ ਦਾ ਸੁਭਾਗ ਪ੍ਰਾਪਤ ਹੋਇਆ। ਇਸ ਵਾਰ ਮੈਂ ਜੈਪੁਰ ਸ਼ਹਿਰ ਨੂੰ ਇਕ ਵੱਖਰੇ ਦ੍ਰਿਸ਼ਟੀਕੋਣ ਤੋਂ ਵਾਚਣਾ ਚਾਹੁੰਦਾ ਸਾਂ ਤੇ ਉਹ ਸੀ ਇਸ ਦੇ ਰਾਜ ਪ੍ਰਬੰਧ ਦੇ ਢਾਂਚੇ ਸਬੰਧੀ ਜਾਣਕਾਰੀ ਹਾਸਲ ਕਰਨਾ। ਹੋਰ ਕਈ ਸਾਥੀਆਂ ਤੋਂ ਇਲਾਵਾ ਅੰਮ੍ਰਿਤਸਰ ਤੋਂ ਕੁਲੀਗ ਤੇ ਕਹਾਣੀਕਾਰ ਤਲਵਿੰਦਰ ਸਿੰਘ ਵੀ ਇਸ ਟ੍ਰੇਨਿੰਗ ਕੋਰਸ ਵਿਚ ਭਾਗ ਲੈਣ ਆ ਰਿਹਾ ਸੀ, ਸੋ ਖੁਸ਼ੀ ਦੂਣ ਸਵਾਈ ਸੀ। ਸਭ ਨੇ ਅਲੱਗ-ਅਲੱਗ ਸਮੇਂ ਤੇ ਵੱਖ-ਵੱਖ ਸਾਧਨਾਂ ਰਾਹੀਂ ਜੈਪੁਰ ਪਹੁੰਚਣਾ ਸੀ ਪਰ ਤਲਵਿੰਦਰ ਦਿੱਲੀ ਜੈਪੁਰ ਰੂਟ ‘ਤੇ ਰਾਜਸਥਾਨ ਟੂਰਿਜ਼ਮ ਦੇ ਹੋਟਲ ਮਿਡ-ਵੇਅ ‘ਤੇ ਬੱਸ ਤੋਂ ਉਤਰਦਾ ਮਿਲ ਗਿਆ। ਰਸਤੇ ਵਿਚ ਦਫਤਰੀ ਗੱਲਬਾਤ ਹੀ ਸਾਡੇ ‘ਤੇ ਭਾਰੂ ਰਹੀ। ਉਸ ਨੇ ਜੈਪੁਰ ਕਿਸੇ ਹੋਰ ਹੋਟਲ ਰੁਕਣਾ ਸੀ, ਸੋ ਬੱਸ ਸਟੈਂਡ ਤੋਂ ਹੀ ਦੂਸਰੇ ਦਿਨ ਮਿਲਣ ਦਾ ਪ੍ਰੋਗਰਾਮ ਦੇ ਕੇ ਬਾਏ ਬਾਏ ਕਰ ਗਿਆ। ਜਿਉਂ ਹੀ ਮੈਂ ਆਪਣੇ ਦੂਸਰੇ ਸਾਥੀਆਂ ਨਾਲ ਜਾ ਕੇ ਆਪਣੇ ਹੋਟਲ ਦਾ ਕਮਰਾ ਮੱਲਿਆ, ਵੇਟਰ ਸਾਥੋਂ ਸ਼ਨਾਖਤੀ ਸਬੂਤ ਭਾਵ ਪਹਿਚਾਣ ਪੱਤਰ ਲੈਣ ਆ ਗਿਆ। ਇਸ ਨਿਯਮ ਦਾ ਇਥੇ ਸਖਤੀ ਨਾਲ ਅਮਲ ਕੀਤਾ ਜਾਂਦਾ ਹੈ ਭਾਵੇਂ ਕੋਈ ਕਿੰਨਾ ਵੀ ਜਾਣਕਾਰ ਕਿਉਂ ਨਾ ਹੋਵੇ। ਰਾਜ ਪ੍ਰਬੰਧ ਦੇ ਇਸ ਪਹਿਲੇ ਪ੍ਰੰਤੂ ਮਹੱਤਵਪੂਰਨ ਪੱਖ ਨੇ ਮੈਨੂੰ ਕਾਫੀ ਪ੍ਰਭਾਵਿਤ ਕੀਤਾ। ਸਾਥੋਂ ਵੀ ਵਿਭਾਗੀ ਪਹਿਚਾਣ ਪੱਤਰ ਫੋਟੋ ਕਾਪੀ ਕਰਵਾ ਕੇ ਰੱਖ ਲਏ ਗਏ। ਜਦੋਂ ਵੇਟਰ ਪਾਣੀ ਦੇਣ ਆਇਆ ਤਾਂ ਸਾਨੂੰ ਅਗਾਊਂ ਚਿਤਾਵਨੀ ਦੇ ਗਿਆ ਕਿ ਜੇਕਰ ਕਿਸੇ ਨੇ ਦਾਰੂ ਸਿੱਕੇ ਦਾ ਪ੍ਰਬੰਧ ਕਰਨਾ ਹੈ ਤਾਂ ਰਾਤ ਦੇ ਅੱਠ ਵਜੇ ਤੋਂ ਪਹਿਲਾਂ ਕਰ ਲਵੋ। ਉਸ ਤੋਂ ਬਾਅਦ ਠੇਕੇ ਬੰਦ ਹੋ ਜਾਂਦੇ ਹਨ ਤੇ ਕੋਈ ਇਸ ਕਾਨੂੰਨ ਦੀ ਉਲੰਘਣਾ ਕਰਨ ਦਾ ਹੀਆ ਨਹੀਂ ਕਰਦਾ ਕਿਉਂਕਿ ਪੁਲੀਸ ਲਗਾਤਾਰ ਠੇਕਿਆਂ ਦੀ ਨਿਗਰਾਨੀ ਰੱਖਦੀ ਹੈ। ਮਨੋਂ ਮਨੀ ਮੈਂ ਇਸ ਪ੍ਰਬੰਧ ਪ੍ਰਣਾਲੀ ਦੀ ਉਸਤਤ ਕਰਨੋਂ ਰਹਿ ਨਾ ਸਕਿਆ ਕਿਉਂਕਿ ਮੇਰੇ ਸ਼ਹਿਰ ਤਾਂ ਸ਼ਰਾਬ ਦੀ ਸਪਲਾਈ ਚੜ੍ਹਦੇ ਸੂਰਜ ਤੋਂ ਲੈ ਕੇ ਗਾਹਕਾਂ ਦੇ ਆਗਮਨ ਤਕ ਨਿਰੰਤਰ ਜਾਰੀ ਰਹਿੰਦੀ ਹੈ। ਮੇਰੇ ਸੂਬੇ ਦੀ ਸਰਕਾਰ ਤਾਂ ਅੰਕੜਿਆਂ ਦਾ ਹਵਾਲਾ ਦੇ ਕੇ ਇਸ ਸ਼ਰਾਬ ਦੀ ਬਦੌਲਤ ਆਬਕਾਰੀ ਆਮਦਨ ਵਿਚ ਹੋਇਆ ਵਾਧਾ ਆਪਣੀ ਮਹੱਤਵਪੂਰਨ ਉਪਲਬਧੀ ਦੱਸਦੀ ਹੈ। ਸਿੱਧਾ ਸਿੱਧਾ ਨਹੀਂ ਕਹਿੰਦੀ ਕਿ ਆਪਣੇ ਲੋਕਾਂ ਲਈ ਨਸ਼ਿਆਂ ਰੂਪੀ ਕਬਰ ਹੋਰ ਡੂੰਘੀ ਪੁੱਟ ਦਿੱਤੀ ਹੈ। ਮੇਰੀ ਜਗਿਆਸਾ ਇਥੇ ਹੀ ਖਤਮ ਨਹੀਂ ਹੋਈ ਸਗੋਂ ਜਾਣਕਾਰੀ ਲੈਣ ਹਿੱਤ ਦੂਸਰੇ ਦਿਨ ਟ੍ਰੇਨਿੰਗ ਦੀ ਸਮਾਪਤੀ ਉਪਰੰਤ ਵਾਪਸੀ ‘ਤੇ ਇਕ ਅੰਗਰੇਜ਼ੀ ਸ਼ਰਾਬ ਦੇ ਠੇਕੇ ‘ਤੇ ਜਾ ਕੇ ਪੁੱਛਦਾ ਹਾਂ ਕਿ ਇਥੇ ਸ਼ਰਾਬ ਦੇ ਠੇਕੇ ਏਨੀ ਦੂਰ ਦੂਰ ਕਿਉਂ ਹਨ। ਠੇਕੇ ਦਾ ਕਰਮਚਾਰੀ ਜਵਾਬ ਦਿੰਦਾ ਹੈ ਕਿ ਇਸ ਸ਼ਹਿਰ ਅੰਦਰ ਇਕ ਵਾਰਡ ਵਿਚ ਇਕ ਠੇਕਾ ਹੀ ਸਰਕਾਰ ਨੇ ਮਨਜ਼ੂਰ ਕੀਤਾ ਹੈ। ਸੁਣਦੇ ਸਾਰ ਮੈਂ ਹੈਰਾਨ ਹੋ ਜਾਂਦਾ ਹੈ ਕਿਉਂਕਿ ਮੇਰੇ ਸੂਬੇ ‘ਤੇ ਰਾਜ ਕਰਨ ਵਾਲੀ ਹਰ ਪਾਰਟੀ ਦੀ ਸਰਕਾਰ ਨੇ ਹਰ ਪਿੰਡ, ਸ਼ਹਿਰ ਤੇ ਇਸ ਦੇ ਹਰ ਗਲੀ ਮੋੜ ‘ਤੇ ਸ਼ਰਾਬ ਵਰਤਾਉਣ ਦਾ ਇੰਤਜ਼ਾਮ ਕਰ ਕੇ ਮੇਰੇ ਵੀਰਾਂ ਦੀ ‘ਸੁੱਖ-ਸਹੂਲਤ’ ਦਾ ਧਿਆਨ ਰੱਖਣ ਤੇ ਆਪ ‘ਸੱਚੇ ਸੁੱਚੇ’ ਲੋਕ ਸੇਵਕ ਹੋਣ ਦਾ ਫਰਜ਼ ਬਾਖੂਬੀ ਨਿਭਾਇਆ ਹੈ।
ਖੈਰ, ਅਗਲੇ ਦਿਨ ਸਵੇਰੇ ਸਾਢੇ ਕੁ ਅੱਠ ਵਜੇ ਤਲਵਿੰਦਰ ਨੇ ਬੱਸ ਸਟੈਂਡ ‘ਤੇ ਚੁਟਕਲਿਆਂ ਦੀ ਝੜੀ ਲਗਾ ਕੇ ਆਪਣੀ ਆਮਦ ਦਾ ਅਹਿਸਾਸ ਕਰਵਾ ਦਿੱਤਾ।¨ਟ੍ਰੇਨਿੰਗ ਸੈਂਟਰ ਜਾਣ ਦਾ ਵੇਲਾ ਹੋ ਗਿਆ ਸੀ। ਸਾਰੇ ਨਾਸ਼ਤਾ ਕਰ ਚੁੱਕੇ ਸਨ। ਬੱਸ, ਬਸ ਦੀ ਇੰਤਜ਼ਾਰ ਸੀ। ਜੈਪੁਰ ਸ਼ਹਿਰ ਅੰਦਰ ਟਰਾਂਸਪੋਰਟ ਸਿਸਟਮ ਬਹੁਤ ਸੁਚਾਰੂ, ਨਿਯਮਤ ਤੇ ਘੱਟ ਖਰਚੀਲਾ ਹੈ। ਲੋਕਲ ਬੱਸ ਵਿਚ ਸਵਾਰੀ ਨੂੰ ਕੋਈ ਟਿਕਟ ਨਹੀਂ ਦਿੱਤੀ ਜਾਂਦੀ। ਬੱਸ ਪੈਸੇ ਦਿਉ ਤੇ ਬੈਠੋ। ਫੇਰ ਵੀ ਅਸੀਂ ਸਮਾਂ ਬਚਾਉਣ ਲਈ ਆਟੋ ਰਿਕਸ਼ਾ ‘ਤੇ ਜਾਣ ਦਾ ਫੈਸਲਾ ਕੀਤਾ। ਕੁੱਲ ਪੰਜ ਜਾਣੇ ਸੀ। ਜਿਸ ਵੀ ਆਟੋ ਰਿਕਸ਼ਾ ਨੂੰ ਰੋਕੀਏ ਉਹੀ ਜਾਣ ਤੋਂ ਇਨਕਾਰੀ। ਪੁੱਛਣ ‘ਤੇ ਪਤਾ ਲੱਗਿਆ ਕਿ ਇਥੇ ਤਿੰਨ ਤੋਂ ਵੱਧ ਸਵਾਰੀਆਂ ਬਿਠਾਉਣ ‘ਤੇ ਪਾਬੰਦੀ ਹੈ। ਮੇਰੇ ਸ਼ਹਿਰ ਤਾਂ ਆਟੋ ਰਿਕਸ਼ਾ ਵਾਲੇ ਦਸ ਕੁ ਸਵਾਰੀਆਂ ਵੀ ਬਿਠਾ ਕੇ ਲੈ ਜਾਂਦੇ ਹਨ, ਸੋ ਸੋਚਿਆ ਥੋੜ੍ਹੀ ਬਹੁਤ ਢਿੱਲ ਤਾਂ ਹੋਵੇਗੀ ਹੀ। ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਈ ਆਟੋ ਚਾਲਕ ਤਿਆਰ ਨਾ ਹੋਇਆ। ਹਰ ਕੋਈ ਟ੍ਰੈਫਿਕ ਪੁਲੀਸ ਤੇ ਡੀ.ਟੀ.ਓ. ਦੇ ਚਲਾਨ ਤੋਂ ਡਰਦਾ ਸੀ। ਸਾਡੇ ਸਰਕਾਰੀ ਕਰਮਚਾਰੀ ਦੱਸਣ ‘ਤੇ  ਇਕ ਆਟੋ ਚਾਲਕ ਤਿਆਰ ਹੋ ਗਿਆ, ਉਹ ਵੀ ਡਰਦਾ ਡਰਦਾ। ਹਾਲੇ ਦੋ ਕੁ ਕਿਲੋਮੀਟਰ ਗਏ ਸੀ ਕਿ ਡੀ.ਟੀ.ਓ. ਦੁਆਰਾ ਲਗਾਏ ਨਾਕੇ ‘ਤੇ ਸਾਨੂੰ ਰੋਕ ਲਿਆ। ਮੈਂ ਤੇ ਤਲਵਿੰਦਰ ਆਟੋ ਡਰਾਈਵਰ ਨਾਲ ਗਏ ਤੇ ਸਰਕਾਰੀ ਕਰਮਚਾਰੀ ਹੋਣ ਤੇ ਸਮੇਂ ਦੀ ਮਜਬੂਰੀ ਕਾਰਨ ਕੀਤੇ ਇਸ ਪ੍ਰਬੰਧ ਦੀ ਦੁਹਾਈ ਦੇ ਕੇ ਉਸ ਦਾ ਖਹਿੜਾ ਤਾਂ ਛੁਡਾ ਲਿਆਏ ਪਰ ਮੇਰੇ ਜ਼ਹਿਨ ਵਿਚ ਸਾਨੰੂ ਛੱਡਣ ਤੋਂ ਪਹਿਲਾਂ ਉਸ ਕਾਨੂੰਨ ਦੇ ਰਖਵਾਲੇ ਦੁਆਰਾ ਬੋਲੇ ਸ਼ਬਦ ਅੱਜ ਵੀ ਯਾਦਗਾਰੀ ਬਣੇ ਹੋਏ ਹਨ। ਸ਼ਾਇਦ ਕਾਨੂੰਨ ਦੀ ਇਸ ਸਖ਼ਤੀ ਕਾਰਨ ਹੀ ਮੈਂ ਆਪਣੇ ਠਹਿਰਾਅ ਦੌਰਾਨ ਪੂਰੇ ਜੈਪੁਰ ਸ਼ਹਿਰ ਵਿਚ ਬੇਵਜ੍ਹਾ ਟ੍ਰੈਫਿਕ ਜਾਮ ਨਹੀਂ ਦੇਖੇ। ਹਰ ਕਰਮਚਾਰੀ ਪੂਰੀ ਮੁਸਤੈਦੀ ਨਾਲ ਆਪਣਾ ਫਰਜ਼ ਅਦਾ ਕਰ ਰਿਹਾ ਸੀ ਤਾਹੀਓਂ ਆਮ ਜਨਤਾ ਵੀ ਟ੍ਰੈਫਿਕ ਕਾਨੂੰਨਾਂ ‘ਤੇ ਸੰਜੀਦਗੀ ਨਾਲ ਅਮਲ ਕਰਦੀ ਪ੍ਰਤੀਤ ਹੁੰਦੀ ਸੀ।
ਪੂਰੇ ਇਕ ਹਫਤੇ ਦੇ ਠਹਿਰਾਅ ਦੌਰਾਨ ਮੈਂ ਜੈਪੁਰ ਸ਼ਹਿਰ ਵਿਚ ਬਿਜਲੀ ਗੁਲ ਹੁੰਦੀ ਨਹੀਂ- ਵੇਖੀ। ਉਥੇ ਬਿਜਲੀ ਸਪਲਾਈ ਅੰਡਰ ਗਰਾਊਂਡ ਕੇਬਲ ਸਿਸਟਮ ਦੁਆਰਾ ਹੁੰਦੀ ਹੈ। ਬਿਜਲੀ ਭਾਵੇਂ ਥੋੜ੍ਹੀ ਮਹਿੰਗੀ ਹੈ ਪਰ ਇਸ ਦੀ ਸਪਲਾਈ ਨਿਰੰਤਰ ਤੇ ਨਿਰਵਿਘਨ ਆਮ ਜਨਤਾ ਨੂੰ ਮਿਲਦੀ ਹੈ। ਇਸ ਦੇ ਮੁਕਾਬਲੇ ਮੇਰੇ ਸੂਬੇ ਵਿਚ ਬਿਜਲੀ ਦਾ ਸੰਕਟ ਉਦਯੋਗਿਕ ਖੇਤਰ ਤੇ ਆਮ ਜਨਜੀਵਨ ਨੂੰ ਡੂੰਘੀ ਢਾਅ ਲਾ ਰਿਹਾ ਹੈ। ਉਦਯੋਗਿਕ ਪੱਖੋਂ ਜੈਪੁਰ ਬਹੁਤ ਵਿਕਸਿਤ ਹੋ ਚੁੱਕਾ ਹੈ, ਜੈਪੁਰ ਕਿਉਂ ਪੂਰਾ ਰਾਜਸਥਾਨ ਪਰ ਕਿਧਰੇ ਵੀ ਪ੍ਰਦੂਸ਼ਣ ਨੇ ਵਾਤਾਵਰਨ ਨੂੰ ਨੁਕਸਾਨ ਨਹੀਂ ਪਹੁੰਚਾਇਆ ਜਾਪਿਆ।
ਵਾਪਸੀ ‘ਤੇ ਰਾਜਸਥਾਨ ਸਟੇਟ ਟੂਰਿਜ਼ਮ ਕਾਰਪੋਰੇਸ਼ਨ ਦੀ ਬੱਸ ਯਾਤਰਾ ਨੇ ਜਿਥੇ ਇਸ ਸਰਕਾਰੀ ਅਦਾਰੇ ਦੁਆਰਾ ਸਥਾਪਤ ਉੱਚੇ ਮਾਪਦੰਡਾਂ ਦਾ ਅਹਿਸਾਸ ਕਰਵਾਇਆ ਉਥੇ ਪੰਜਾਬ ਅੰਦਰ ਅਜਿਹੀ ਹੀ ਸੰਸਥਾ ਦੇ ਦਿਨੋ ਦਿਨ ਵਿਕ ਰਹੇ ਅਦਾਰਿਆਂ ਦੀ ਜਾਣਕਾਰੀ ਨੇ ਅਸਹਿਜ ਕਰੀ ਰੱਖਿਆ। ਮਨ ਕੂਕ ਕੂਕ ਕੇ ਕਹਿ ਰਿਹਾ ਸੀ, ਕਾਸ਼! ਪੰਜਾਬ ਨੂੰ ਵੀ ਕੋਈ ਅਜਿਹਾ ਰਹਿਬਰ ਮਿਲ ਜਾਵੇ।


Comments Off on ਜਿਸ ਨੇ ਵੇਖਿਆ ਨੀ ਜੈਪੁਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.