ਪ੍ਰਚਾਰ ਦਾ ਮਜ਼ਬੂਤ ਤੰਤਰ !    ਮਸ਼ਹੂਰ ਸੰਗੀਤ ਨਿਰਦੇਸ਼ਕ ਓਮੀ ਜੀ !    ਕਰ ਭਲਾ, ਹੋ ਭਲਾ !    ਮਨੋਰੰਜਨ ਨਾਲ ਭਰਪੂਰ ਜਨੌਰ ਕਥਾਵਾਂ !    ਸਮਾਜ ਨੂੰ ਸੇਧ ਦੇਣ ਗਾਇਕ !    ਬਾਲ ਕਿਆਰੀ !    ਖਾ ਲਈ ਨਸ਼ਿਆਂ ਨੇ... !    ਹੱਥ-ਪੈਰ ਸੁੰਨ ਕਿਉਂ ਹੁੰਦੇ ਹਨ? !    ਜ਼ਿੰਦਗੀ ਦੀਆਂ ਰੀਝਾਂ ਤੇ ਸੁਪਨੇ !    ‘ਪੂਰਨ’ ਕਦੋਂ ਪਰਤੇਗਾ? !    

ਗੁਰਮਤਿ ਪੱਤਰਕਾਰੀ ਦਾ ਵਿਲਖਣ ਹਸਤਾਖਰ

Posted On March - 17 - 2010

ਰੂਪ ਸਿੰਘ

ਪੂਰੀ ਸੁਹਿਰਦਤਾ, ਨਿਡਰਤਾ, ਨਿਰਪੱਖਤਾ ਤੇ ਇਮਾਨਦਾਰੀ ਨਾਲ ਪੱਤਰਕਾਰੀ ਕੀਤੀ ਜਾਏ ਤਾਂ ਇਹ ਇਕ ਬਹੁਤ ਹੀ ਪਵਿੱਤਰ ਪੇਸ਼ਾ ਹੈ ਜਿਸ ਨਾਲ ਸਮਾਜ ਦੀ ਬਹੁਤ ਸੇਵਾ ਕੀਤੀ ਜਾ ਸਕਦੀ ਹੈ। ਪੱਤਰਕਾਰ ਆਮ ਲੋਕਾਂ ਦੀ ਆਵਾਜ਼ ਸਰਕਾਰ ਜਾ ਹੋਰ ਸਬੰਧਤ ਅਧਿਕਾਰੀਆਂ ਪਾਸ ਪਹੁੰਚਾ ਸਕਦਾ ਹੈ, ਕਿਸੇ ਨਿਤਾਨ, ਮਜ਼ਲੂਮ ਤੇ ਗਰੀਬ ਵਿਅਕਤੀ ਨਾਲ ਹੋ ਰਿਹਾ ਵਿਤਕਰਾ, ਧੱਕਾ ਤੇ ਜ਼ੁਲਮ ਤਸ਼ੱਦਦ ਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰ ਸਕਦਾ ਹੈ। ਗੁਰਮਤਿ ਪੱਤਰਕਾਰੀ ਹੋਰ ਵੀ ਮਹੱਤਵਪੂਰਨ ਹੈ ਕਿਉਂ ਜੋ ਇਸ ਵਿਚ ਇਤਿਹਾਸਕ ਤੱਥਾਂ, ਤਿਥੀਆਂ ਅਤੇ ਮਰਿਯਾਦਾ ਦਾ ਵੀ ਪੂਰਾ ਖਿਆਲ ਰੱਖਣਾ ਹੁੰਦਾ ਹੈ। ਗੁਰਮਤਿ ਪੱਤਰਕਾਰੀ ਦੇ ਖੇਤਰ ਵਿਚ ਰੂਪ ਸਿੰਘ ਇਕ ਅਜਿਹਾ ਨਾਂ ਹੈ ਜਿਸ ਨੇ ਆਪਣੀ ਕਲਮ ਰਾਹੀਂ ਪੰਥ ਤੇ ਪੰਜਾਬ ਦੀ ਸੇਵਾ ਕੀਤੀ ਹੈ। ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਨੇ ਇਸ ਵਰ੍ਹੇ ਧਾਰਮਿਕ ਸਾਹਿਤਕ ਲੇਖਣੀ ਲਈ ਉਨ੍ਹਾਂ ਨੂੰ ਦੋ ਲੱਖ ਰੁਪਏ ਦਾ ਵਿਸ਼ੇਸ਼ ਪੁਰਸਕਾਰ ਦੇਣ ਦਾ ਐਲਾਨ ਕੀਤਾ ਹੈ। ਨਿਰਸੰਦੇਹ ਰੂਪ ਸਿੰਘ ਇਸ ਦੇ ਸਹੀ ਹੱਕਦਾਰ ਹਨ।
ਐਮ.ਏ.ਪੰਜਾਬੀ ਤੇ ਧਰਮ ਅਧਿਐਨ ਪਾਸ ਕਰਕੇ ਉਹ ਪਿਛਲੇ ਦੋ ਦਹਾਕਿਆਂ ਤੋਂ ਸਿੱਖ-ਪੰਥ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸੇਵਾ ਕਰ ਰਹੇ ਹਨ। ਪ੍ਰਸਿੱਧ ਸਿੱਖ ਵਿਦਵਾਨ ਤੇ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੈਂਬਰ ਪ੍ਰਿੰਸੀਪਲ ਸਤਿਬੀਰ ਸਿੰਘ ਦੀ ਪਾਰਖੂ ਅੱਖ ਨੇ ਅਕਤੂਬਰ 1989 ਦੇ ਮਹੀਨੇ ਮਾਸਿਕ-ਪੱਤਰ ਗੁਰਮਤਿ ਪ੍ਰਕਾਸ਼ ਦੇ ਸੰਪਾਦਕ ਦੇ ਅਹੁਦੇ ਲਈ ਰੂਪ ਸਿੰਘ ਦੀ ਚੋਣ ਕਰਕੇ ਇਕ ਦੂਰਦਰਸ਼ੀ ਫੈਸਲਾ ਕੀਤਾ ਅਤੇ ਉਨ੍ਹਾਂ ਦੀ ਸੁਯੋਗ ਅਗਵਾਈ ਵਿਚ ਰੂਪ ਸਿੰਘ ਨੇ ਲਗਪਗ ਨੌਂ ਸਾਲ ਗੁਰਮਤਿ ਪ੍ਰਕਾਸ਼ ਨੂੰ ਆਪਣੀ ਰੂਹ ਫੂਕ ਕੇ ਇਕ ਨਵਾਂ ਰੂਪ ਦਿੱਤਾ ਅਤੇ ਇਸ ਦੇ ਕਈ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕਰਕੇ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ। ਅੱਜ ਗੁਰਮਤਿ ਪ੍ਰਕਾਸ਼ ਦੀ ਛਪਣ ਗਿਣਤੀ ਸਾਰੇ ਧਾਰਮਿਕ ਪਰਚਿਆਂ ਨਾਲੋਂ ਵੱਧ ਹੈ ਅਤੇ ਇਹ ਪਰਚਾ ਆਮ ਸਿੱਖ ਸੰਸਥਾਵਾਂ ਤੇ ਪੰਥਕ ਪਰਿਵਾਰਾਂ ਵਿਚ ਆਮ ਦੇਖਿਆ ਜਾ ਸਕਦਾ ਹੈ। ਰੂਪ ਸਿੰਘ ਨੇ ਇਸ ਪਰਚੇ ਨੰ ਬੁਲੰਦੀਆਂ ‘ਤੇ ਪਹੁੰਚਾਇਆ ਸੀ, ਜਿਸ ਨੂੰ ਪਿੱਛੋਂ ਚਮਕੌਰ ਸਿੰਘ ਤੇ ਸਿਮਰਜੀਤ ਸਿੰਘ ਨੇ ਹੋਰ ਨਿਖਾਰਿਆ।
ਇਸ ਤੋਂ ਬਿਨਾਂ ਰੂਪ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ, ਸਿੱਖ ਰੈਫਰੈਂਸ ਲਾਇਬਰੇਰੀ, ਇੰਟਰਨੈੱਟ ਵਿਭਾਗ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪ੍ਰਕਾਸ਼ਿਤ ਕਰਨ ਵਾਲੇ ਗੋਲਡਨ ਆਫਸੈਟ ਪ੍ਰੈਸ ਵਿਚ ਮਹੱਤਵਪੂਰਨ ਅਹੁਦਿਆਂ ਉਤੇ ਸੇਵਾ ਕਰਨ ਤੋਂ ਬਿਨਾਂ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਦੀ ਸੇਵਾ ਵੀ ਨਿਭਾਈ ਹੈ। ਸ਼੍ਰੋਮਣੀ ਕਮੇਟੀ ਵਲੋਂ ਮਨਾਈਆਂ ਜਾਣ ਵਾਲੀਆਂ ਬਹੁਤੀਆਂ ਸ਼ਤਾਬਦੀਆਂ ਦੇ ਪ੍ਰੋਗਰਾਮਾਂ ਦੀ ਰੂਪ ਰੇਖਾ ਉਹ ਹੀ ਤਿਆਰ ਕਰਦੇ ਰਹੇ ਹਨ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਕਾਰਜਕਾਲ ਦੌਰਾਨ ਸ਼੍ਰੋਮਣੀ ਕਮੇਟੀ ਵਲੋਂ ਹਰ ਸਾਲ ”ਸ਼੍ਰੋਮਣੀ ਡਾਇਰੀ” ਪ੍ਰਕਾਸ਼ਿਤ ਕੀਤੀ ਜਾਂਦੀ ਸੀ, ਉਸ ਦੀ ਸੰਪਾਦਨਾ ਅਕਸਰ ਰੂਪ ਸਿੰਘ ਵੱਲੋਂ ਕੀਤੀ ਜਾਂਦੀ ਸੀ। ਉਨ੍ਹਾਂ ਨੂੰ ਸਿੱਖ ਇਤਿਹਾਸ, ਗੁਰਬਾਣੀ ਤੇ ਫਿਲਾਸਫੀ ਬਾਰੇ ਅਥਾਹ ਗਿਆਨ ਹੈ ਅਤੇ ਉਨ੍ਹਾਂ ਨੇ 9 ਪੁਸਤਕਾਂ ਤੇ ਚਾਰ ਟਰੈਕਟ ਤੇ ਦਰਜਨ ਦੇ ਕਰੀਬ ਖੋਜ ਪੱਤਰ ਲਿਖੇ ਹਨ। ਉਨ੍ਹਾਂ ਨੇ ਅਮਰੀਕਾ, ਕੈਨੇਡਾ, ਬਰਤਾਨੀਆਂ, ਪਾਕਿਸਤਾਨ ਸਮੇਤ ਅਨੇਕ ਦੇਸ਼ਾਂ ਵਿਚ ਜਾ ਕੇ ਗੁਰਮਤਿ ਸਮਾਗਮਾਂ ਵਿਚ ਸ਼ਿਰਕਤ ਕੀਤੀ ਹੈ ਅਤੇ ਪਿਛਲੇ ਵਰ੍ਹੇ ਆਸਟਰੇਲੀਆਂ ਵਿਚ ਮੈਲਬੋਰਨ ਵਿਖੇ ਵਿਸ਼ਵ ਧਰਮ ਦੀ ਪਾਰਲੀਮੈਂਟ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀਨਿਧ ਵਜੋਂ ਸਿੱਖ ਧਰਮ ਦੀ ਪ੍ਰਤੀਨਿਧਤਾ ਕਰਨ ਦਾ ਮਾਣ ਵੀ ਹਾਸਲ ਹੈ।
ਇਸ ਲੇਖਕ ਨੂੰ ਸ਼੍ਰੋਮਣੀ ਕਮੇਟੀ ਵਿਚ ਸੇਵਾ ਕਰਨ ਦਾ ਸੁਭਾਗ ਮਿਲਿਆ,ਜਿਸ ਦੌਰਾਨ ਰੂਪ ਸਿੰਘ ਨੂੰ ਬਹੁਤ ਨੇੜਿਉਂ ਦੇਖਿਆ ਹੈ। ਰੂਪ ਸਿੰਘ ਇਕ ਸਿੱਖ ਵਿਦਵਾਨ ਹੋਣ ਤੋਂ ਬਿਨਾਂ ਇਕ ਬਹੁਤ ਵਧੀਆ ਇਨਸਾਨ ਵੀ ਹਨ ਅਤੇ ਮਿੱਠ ਬੋਲੜੇ ਤੇ ਸਨਿਮਰ ਹਨ। ਸ਼੍ਰੋਮਣੀ ਕਮੇਟੀ ਵਿਚ ਅਕਸਰ ਭ੍ਰਿਸ਼ਟਾਚਾਰ ਦੀਆਂ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ। ਰੂਪ ਸਿੰਘ ਗਿਣਤੀ ਦੇ ਇਮਾਨਦਾਰ ਅਧਿਕਾਰੀਆਂ ਵਿਚੋਂ ਹਨ, ਜਿਨਾਂ ਦੀ ਇਮਾਨਦਾਰੀ ਤੇ ਸੁਹਿਰਦਤਾ ‘ਤੇ ਕੋਈ ਕਿੰਤੂ ਨਹੀਂ ਕਰ ਸਕਦਾ। ਸਾਨੂੰ ਆਸ ਹੈ ਕਿ ਰੂਪ ਸਿੰਘ ਆਪਣੀ ਵਿਦਵਤਾ ਤੇ ਸਿੱਖੀ ਸਿਦਕ ਨਾਲ ਸਿੱਖ ਪੰਥ ਦੀ ਹੋਰ ਬਹੁਤ ਸੇਵਾ ਕਰਨਗੇ।

-ਹਰਬੀਰ ਸਿੰਘ ਭੰਵਰ


Comments Off on ਗੁਰਮਤਿ ਪੱਤਰਕਾਰੀ ਦਾ ਵਿਲਖਣ ਹਸਤਾਖਰ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.