ਨੌਜਵਾਨ ਸੋਚ : ਵਿਦਿਆਰਥੀ ਸਿਆਸਤ ਦਾ ਉਭਾਰ !    ਕਰੋਨਾ ਵਾਇਰਸ ਤੇ ਸਮਾਜ: ਖ਼ਤਰਿਆਂ ਨਾਲ ਭਰਿਆ ਸਮਾਂ !    ਨੌਜਵਾਨ ਵਿਦਿਆਰਥੀਆਂ ਲਈ ਸਕਾਊਟਿੰਗ ਵਿਚ ਕਰੀਅਰ ਮੌਕੇ !    ਰਾਸ਼ਨ ਨਾ ਮਿਲਣ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ !    ਅਫ਼ਗਾਨਿਸਤਾਨ ਸਰਕਾਰ ਵੱਲੋਂ ਤਾਲਿਬਾਨ ਨਾਲ ਗੱਲਬਾਤ !    ਬੈਂਕਾਂ ਦਾ ਰਲੇਵਾਂ ਭਾਰਤੀ ਬੈਂਕਿੰਗ ਖੇਤਰ ਲਈ ਨਵੀਂ ਸਵੇਰ ਕਰਾਰ !    ਕਣਕ ਦੀ ਖ਼ਰੀਦ ਲਈ 26064.31 ਕਰੋੜ ਦੀ ਸੀਸੀਐੱਲ ਮੰਗੀ !    ਸੈਕਟਰ-35 ਵਾਸੀ ਕਰੋਨਾ ਪਾਜ਼ੇਟਿਵ !    ਕਰਫਿਊ: ਘਰਾਂ ’ਚ ਝਾਟਮ-ਝੀਟੀ !    ਬੇਅਦਬੀ ਮਾਮਲਾ: ਕਰਫਿਊ ਕਾਰਨ ਸੁਣਵਾਈ ਟਲੀ !    

ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਰੋਕਣ ਵਿੱੱਚ ਪੁਲੀਸ ਹੋਈ ਸਫਲ

Posted On March - 26 - 2010

ਪੰਜਾਬ ਭਰ ਵਿਚੋਂ 600 ਤੋਂ ਵੱਧ ਕਿਸਾਨ ਗ੍ਰਿਫਤਾਰ, ਪੁਲੀਸ ਪ੍ਰਬੰਧਾਂ ਖਿਲਾਫ ਕਈ ਥਾਈਂ ਚੱਕਾ ਜਾਮ

ਜਗਤਾਰ ਸਿੰਘ ਲਾਂਬਾ/ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 25 ਮਾਰਚ

ਤਰਨ ਤਾਰਨ ਨੇੜੇ ਰਸੂਲਪੁਰ ਵਿਚ ਧਰਨਾ ਦੇ ਕੇ ਆਵਾਜਾਈ ਰੋਕ ਰਹੇ ਕਿਸਾਨ ਤੇ ਖੇਤ ਮਜ਼ਦੂਰ (ਫੋਟੋ: ਗੁਰਬਖਸ਼ ਪੁਰੀ)

ਕਿਸਾਨ ਆਗੂ ਸਾਧੂ ਸਿੰਘ ਤਖਤੂਪੁਰਾ ਦੇ ਕਾਤਲਾਂ ਅਤੇ ਖੰਨਾ ਚਮਾਰਾ ਘਟਨਾ ਲਈ ਜ਼ਿੰਮੇਵਾਰ ਵਿਅਕਤੀਆਂ  ਦੀਆਂ ਗ੍ਰਿਫਤਾਰੀਆਂ ਦੀ ਮੰਗ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇਥੇ ਪੰਜਾਬ ਪੁਲੀਸ ਦੇ ਆਈ.ਜੀ ਦੇ ਦਫਤਰ ਦੇ ਬਾਹਰ ਦਿੱਤੇ ਜਾਣ ਵਾਲੇ ਤਿੰਨ ਦਿਨਾ ਧਰਨੇ ਨੂੰ ਰੋਕਣ ਵਿਬਚ ਪੁਲੀਸ ਸਫਲ ਰਹੀ। ਪੁਲੀਸ ਪ੍ਰਸ਼ਾਸਨ ਨੇ ਵਿਆਪਕ ਪ੍ਰਬੰਧਾਂ ਤਹਿਤ ਅੱਜ ਇਥੇ ਧਰਨਾ ਨਹੀ ਹੋਣ ਦਿੱਤਾ। ਇਸ ਦੌਰਾਨ ਧਰਨਾ ਦੇਣ ਲਈ ਆ ਰਹੇ ਕਰੀਬ 600 ਕਿਸਾਨਾਂ ਨੂੰ ਪੁਲੀਸ ਵੱਲੋਂ ਵੱਖ-ਵੱਖ ਥਾਂਵਾਂ ਤੋਂ ਗ੍ਰਿਫਤਾਰ ਕਰ ਲਿਆ। ਪੁਲੀਸ ਵੱਲੋਂ ਰੋਕੇ ਜਾਣ ‘ਤੇ ਕਿਸਾਨਾਂ ਨੇ ਕਈ ਥਾਵਾਂ ‘ਤੇ ਧਰਨੇ ਦਿੱਤੇ ਅਤੇ ਸਰਕਾਰ ਤੇ ਪੁਲੀਸ ਦੇ ਪੁਤਲੇ ਸਾੜੇ।
ਅੱਜ ਸਵੇਰ ਤੋਂ ਹੀ ਪੁਲੀਸ ਨੇ ਸ਼ਹਿਰ ਨੂੰ ਪੁਲੀਸ ਛਾਉਣੀ ਵਿਚ ਤਬਦੀਲ ਕੀਤਾ ਹੋਇਆ ਸੀ। ਬੱਸ ਅੱਡਾ, ਰੇਲਵੇ ਸਟੇਸ਼ਨ ਅਤੇ ਸ਼ਹਿਰ ਵਿਚ ਆਉਣ ਵਾਲੇ ਵੱਖ-ਵੱਖ ਰਸਤਿਆਂ ਤੇ ਨਾਕੇ ਲਾ ਕੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਜਾਂਚ ਦੌਰਾਨ ਪੇਂਡੂ ਦਿਖ ਦੇਣ ਵਾਲੇ ਵਿਅਕਤੀਆਂ ਅਤੇ ਖਾਸ ਕਰਕੇ ਅੱਧਖੜ ਉਮਰ ਦੇ ਵਿਅਕਤੀਆਂ ਦੀ ਵਧੇਰੇ ਪੁੱਛ ਪੜਤਾਲ ਕੀਤੀ ਗਈ। ਧਰਨੇ ਵਾਲੀ ਥਾਂ ਆਈ.ਜੀ. ਦਫਤਰ ਦੇ ਬਾਹਰ ਅਤੇ ਆਲੇ-ਦੁਆਲੇ ਦੂਰ ਤੱਕ ਸਖਤ ਪੁਲਿਸ ਪ੍ਰਬੰਧ ਸਨ ਜਿਸ ਕਾਰਨ ਇਸ ਇਲਾਕੇ ਵਿਚ ਦੁਕਾਨਾਂ ਵੀ ਬੰਦ ਰਹੀਆਂ। ਬਾਅਦ ਦੁਪਹਿਰ ਚਾਰ ਵੱਜੇ ਰੇਲਵੇ ਸਟੇਸ਼ਨ ਵਿਖੇ ਉਸ ਵੇਲੇ ਪੁਲਿਸ ਸਰਗਰਮ ਹੋ ਗਈ, ਜਦੋਂ ਨਵਾਂ ਸ਼ਹਿਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਜਲੰਧਰ ਤੋਂ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਸ੍ਰੀ ਤਰਸੇਮ ਪੀਟਰ,ਕਿਰਤੀ ਕਿਸਾਨ ਯੂਨੀਅਨ ਦੇ ਸੁਰਿੰਦਰ ਬੈਂਸ , ਜਰਨੈਲ ਸਿੰਘ ,ਪਲਵਿੰਦਰ ਸਿੰਘ ਭੁੱਲਰ ਅਤੇ ਪੰਜਾਬ ਸਟੂਡੇਂਟਸ ਯੂਨੀਅਨ ਦੇ ਕਰਮ ਸੇਖਾਂ ਦੀ ਅਗਵਾਈ ਹੇਠ ਸੌ ਤੋਂ ਵਧੇਰੇ ਕਾਰਕੁਨਾਂ ਦਾ ਜਥਾ ਇਥੇ ਪੁੱਜਾ ਅਤੇ ਉਨ੍ਹਾਂ ਧਰਨੇ ਵਾਲੀ ਥਾਂ ਵੱਲ ਨੂੰ ਜਾਣ ਦਾ ਯਤਨ ਕੀਤਾ ਤਾਂ ਪੁਲੀਸ ਨੇ ਇਨ੍ਹਾਂ ਨੂੰ ਰੇਲਵੇ ਸਟੇਸ਼ਨ ਦੇ ਬਾਹਰੋਂ ਹੀ ਗ੍ਰਿਫਤਾਰ ਕਰ ਲਿਆ। ਪੁਲੀਸ ਇਨ੍ਹਾਂ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵਾਹਨਾਂ ਵਿਚ ਸਵਾਰ ਕਰਕੇ ਥਾਣਾ ਸਦਰ ਵਿਖੇ ਲੈ ਗਈ ਜਿੱਥੇ ਬਾਅਦ ਵਿਚ ਇਨ੍ਹਾਂ ਖਿਲਾਫ ਧਾਰਾ 144 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਕੇਸ ਦਰਜ਼ ਕੀਤਾ ਗਿਆ। ਪੁਲੀਸ ਮੁਖੀ ਨੇ ਇਥੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਗਿਣਤੀ 70 ਦਸੀ ਹੈ। ਗ੍ਰਿਫਤਾਰ ਕੀਤੇ ਗਏ ਕਿਸਾਨ ਕਾਰਕੁਨਾਂ ਨੇ ਰੇਲਵੇ ਸਟੇਸ਼ਨ ਵਿਖੇ ਸਰਕਾਰ ਅਤੇ ਪੁਲਿਸ ਖਿਲਾਫ ਭਰਵੀਂ ਨਾਅਰੇਬਾਜ਼ੀ ਕੀਤੀ।  ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਨਰਲ ਸਕੱਤਰ ਸ੍ਰੀ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਲੋਕ ਮੋਰਚਾ ਪੰਜਾਬ ਦੇ ਆਗੂ ਅਮੋਲਕ ਸਿੰਘ ਨੇ ਦਾਅਵਾ ਕੀਤਾ ਕਿ ਵੱਖ-ਵੱਖ ਥਾਂਵਾਂ ਤੋਂ ਅੱਜ ਪੁਲੀਸ ਨੇ 600 ਤੋਂ ਵਧੇਰੇ ਕਾਰਕੁਨਾਂ ਨੂੰ ਗ੍ਰਿਫਤਾਰ ਕਰ ਲਿਆ। ਇਸ ਤੋਂ ਪਹਿਲਾਂ ਦੋ ਦਿਨਾਂ ਵਿਚ 400 ਦੇ ਕਰੀਬ ਕਿਸਾਨ ਆਗੂਆਂ ਅਤੇ ਕਾਰਕੁਨਾਂ ਨੂੰ ਪੁਲੀਸ ਨੇ ਹਿਰਾਸਤ ਵਿਚ ਲੈ ਲਿਆ ਸੀ। ਉਨ੍ਹਾਂ ਦਸਿਆ ਕਿ ਅੱਜ ਵੱਖ-ਵੱਖ ਥਾਵਾਂ ਤੋਂ ਕਿਸਾਨ ਕਾਫਲਿਆਂ ਦੇ ਰੂਪ ਵਿਚ ਧਰਨਾਂ ਦੇਣ ਲਈ ਰਵਾਨਾ ਹੋਏ ਸਨ। ਉਨ੍ਹਾਂ ਦਾਅਵਾ ਕੀਤਾ ਕਿ ਘਰਿਆਲਾ ਤੋਂ 30 ਕਾਰਕੁਨ, ਠੱਠੀਆਂ ਤੋਂ 125, ਨੌਸ਼ਹਿਰਾ ਤੋਂ 15, ਵਰਿਆਮ 22,ਮਾਹਵਾ ਚੱਕ ਤੋਂ 22, ਪੰਧੇਰ ਤੋਂ 20 ਔਰਤਾਂ ਸਮੇਤ 95, ਮੱਤੇਨੰਗਲ ਨੇੜਿਉਂ 27 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਸੇ ਤਰ੍ਹਾਂ ਸਤਪਾਲ ਸਿੰਘ ਟਰਪੱਈ ਦੀ ਅੱਗਵਾਈ ਹੇਠ 80 ਕਾਰਕੂੰਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਦੇ ਸ੍ਰੀ ਛੀਨਾ ਨੇ ਦਸਿਆ ਕਿ ਪਿੰਡ ਕੁਕੜਾਂ ਵਾਲਾ ਨੇੜੇ ਧਰਨਾ ਦੇਣ ਜਾ ਰਹੇ ਦਰਜਨ ਦੇ ਕਰੀਬ ਕਾਰਕੂੰਨਾਂ ਨੂੰ ਪਿੰਡ ਵੀਰਮ ਨੇੜਿਉਂ ਕਾਬੂ ਕੀਤਾ ਗਿਆ ਹੈ। ਇਹ ਕਾਰਕੂੰਨ ਪੇਂਡੂ ਮਜਦੂਰ ਯੂਨੀਅਨ ਦੇ ਗੁਰਮੀਤ ਸਿੰਘ ਵਡਾਲਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਕਾਰਜ ਸਿੰਘ ਮਜੀਠਾ ਦੇ ਅਗਵਾਈ ਹੇਠ ਮਜੀਠਾ ਤੋਂ ਰਵਾਨਾ ਹੋਏ ਸਨ।   ਇਸ ਦੌਰਾਨ ਪਿੰਡ ਜੋਂਸ ਮੋਹਾਰ ਤੋਂ ਕਿਰਤੀ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਕਿਸਾਨ ਸੰਘਰਸ਼ ਕਮੇਟੀ, ਜਨਵਾਦੀ ਇਸਤਰੀ ਸਭਾ, ਪੇਂਡੂ ਮਜ਼ਦੂਰ ਯੂਨੀਅਨ, ਦਿਹਾਤੀ ਮਜ਼ਦੂਰ ਸਭਾ ਅਤੇ ਪੰਜਾਬ ਕਿਸਾਨ ਸਭਾ ਤੇ 150 ਤੋਂ ਵਧੇਰੇ ਕਾਰਕੁਨ ਡਾ. ਸਤਨਾਮ ਸਿੰਘ ਅਜਨਾਲਾ, ਸੀ੍ਰ ਸੁਖਰਾਜ ਸਿੰਘ ਛੀਨਾ, ਬਾਜ ਸਿੰਘ ਸਾਰੰਗੜਾ, ਮਾਸਟਰ ਸੁੱਚਾ ਸਿੰਘ ਅਜਨਾਲਾ,ਪਰਮਜੀਤ ਮਸੀਹ ਵਿਛੋਹਾ, ਗੁਰਨਾਮ ਸਿੰਘ ਉਮਰਪੁਰਾ, ਗੁਰਮੀਤ ਕੌਰ ਸੂਫੀਆਂ, ਦਾਤਾਰ ਸਿੰਘ ਘਰਿੰਡੀ ਆਦਿ ਦੀ ਅਗਵਾਈ ਹੇਠ ਅੰਮ੍ਰਿਤਸਰ ਨੂੰ ਰਵਾਨਾ ਹੋਏ ਤਾਂ ਉਨ੍ਹਾਂ ਨੂੰ ਪੁਲਿਸ ਨੇ ਸ਼ਹਿਰ ਵਿਚ ਦਾਖਲ ਹੋਣ ਤੋਂ ਪਹਿਲਾਂ ਕੁਕੜਾਂ ਵਾਲਾ ਨੇੜੇ ਪਿੰਡ ਦਾਲਮ ਕੋਲ ਰੋਕ ਲਿਆ। ਇਥੇ ਰੋਕੇ ਜਾਣ ਕਾਰਨ ਪ੍ਰਦਰਸ਼ਨਕਾਰੀਆਂ ਨੇ ਉਥੇ ਹੀ ਧਰਨਾ ਦੇ ਦਿੱਤਾ ਅਤੇ ਸਰਕਾਰ ਤੇ ਪੁਲੀਸ ਦਾ ਪੁਤਲਾ ਸਾੜਿਆ। ਇਸੇ ਤਰ੍ਹਾਂ ਤਰਨ ਤਾਰਨ ਨੇੜੇ ਰਸੂਲਪੁਰ ਨਹਿਰਾਂ ਕੋਲ ਕਿਸਾਨਾਂ ਵੱਲੋਂ ਰੋਕੇ ਜਾਣ ‘ਤੇ ਧਰਨਾ ਦਿੱਤਾ ਗਿਆ। ਬਾਬਾ ਬਕਾਲਾ ਵਿਖੇ ਵੀ ਕਿਸਾਨਾਂ ਨੇ ਸਰਕਾਰ ਤੇ ਪੁਲਿਸ ਖਿਲਾਫ ਧਰਨਾ ਦਿੱਤਾ। ਅਕਾਲ ਫੈਡਰੇਸ਼ਨ ਦੇ ਭਾਈ ਨਰੈਣ ਸਿੰਘ ਨੇ ਦਸਿਆ ਕਿ ਉਨ੍ਹਾਂ ਨੂੰ ਬਿਆਸ ਨੇੜੇ ਚਾਰ ਘੰਟੇ ਰੋਕ ਕੇ ਰਖਿਆ ਗਿਆ ਅਤੇ ਅੰਮ੍ਰਿਤਸਰ ਆਉਣ ਵਾਲੇ ਹਰ ਇਕ ਵਾਹਨ ਵਿਚ ਸਵਾਰ ਲੋਕਾਂ ਨੂੰ ਪੁੱਛ-ਪੜਤਾਲ ਕੀਤੀ ਗਈ।  ਕਿਸਾਨ ਆਗੂ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦਾਅਵਾ ਕੀਤਾ ਕਿ ਤਿੰਨ ਦਿਨਾਂ ਦੌਰਾਨ ਪੁਲੀਸ ਨੇ ਇਕ ਹਜਾਰ ਤੋ ਵਧੇਰੇ ਕਿਸਾਨ-ਮਜ਼ਦੂਰ ਆਗੂਆਂ ਤੇ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਗ੍ਰਿਫਤਾਰੀਆਂ ਦੇ ਬਾਵਜੂਦ ਨਿਆਂ ਪ੍ਰਾਪਤੀ ਲਈ ਸੰਘਰਸ਼ ਜਾਰੀ ਰਹੇਗਾ। ਸੰਘਰਸ਼ ਦੀ ਅਗਲੀ ਰੂਪ-ਰੇਖਾ ਉਲੀਕਣ ਲਈ ਜਲਦੀ ਹੀ ਕਿਸਾਨ ਜਥੇਬੰਦੀਆਂ ਦੀ ਹੰਗਾਮੀ ਇਕੱਤਰਤਾ ਸੱਦੀ ਜਾ ਰਹੀ ਹੈ। ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਸ੍ਰੀ ਵਰਿੰਦਰ ਕੁਮਾਰ ਨੇ ਦਸਿਆ ਕਿ ਅੱਜ ਇਹ ਧਰਨਾ ਨਹੀਂ ਹੋਣ ਦਿਤਾ ਗਿਆ। ਇੱਥੇ ਲਾਗੂ ਕੀਤੀ ਗਈ ਦਫਾ 144 ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਪੁਲੀਸ ਨੇ 70 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀ ਵਾਪਰੀ।
ਜਲੰਧਰ (ਟ੍ਰਿਬਿਊਨ ਨਿਊਜ਼ ਸਰਵਿਸ): ਬਾਈ ਮਜ਼ਦੂਰ ਕਿਸਾਨ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ ਤਿੰਨ-ਰੋਜ਼ਾ ਪੁਰਅਮਨ ਰੋਸ ਧਰਨਾ ਮਾਰ ਕੇ ਸ਼ਹੀਦ ਸਾਧੂ ਸਿੰਘ ਤਖਤੂਪੁਰਾ ਅਤੇ ਖੰਨਾ ਚਮਾਰਾ ਕਤਲ ਕਾਂਡ ਦੇ ਦੋਸ਼ੀਆਂ ਨੂੰ ਫੜਨ ਦੀ ਮੰਗ ਕਰਨ ਦੇ ਜਮਹੂਰੀ ਹੱਕ ਉਪਰ ਛਾਪਾ ਮਾਰਨ ਦੀ ਨਿੰਦਾ ਕਰਦਿਆਂ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਨੇ ਅੱਜ ਪੰਜਾਬ ਭਰ ਵਿਚ ਵੱਡੀ ਪੱਧਰ ‘ਤੇ ਰੋਕਾਂ ਲਗਾ ਕੇ ਕਿਸਾਨਾਂ, ਮਜ਼ਦੂਰਾਂ ਨੂੰ ਗ੍ਰਿਫਤਾਰ ਕਰਨ, ਥਾਣਿਆਂ, ਜੇਲ੍ਹਾਂ ‘ਚ ਡੱਕਣ, ਝੂਠੇ ਕੇਸ ਮੜ੍ਹਨ, ਪੰਜਾਬ ਦੇ ਪਿੰਡਾਂ, ਕਸਬਿਆਂ ਅਤੇ ਖਾਸ ਕਰਕੇ ਆਬਾਦਕਾਰਾਂ ਦੇ ਖੇਤਰ ਅਤੇ ਅੰਮ੍ਰਿਤਸਰ ਨੂੰ ਪੁਲੀਸ ਛਾਉਣੀ ‘ਚ ਤਬਦੀਲ ਕਰਨ ਦੇ ਚੁੱਕੇ ਕਦਮਾਂ ਨੂੰ ‘ਬਲਦੀ ‘ਤੇ ਤੇਲ ਪਾਉਣਾ’ ਕਰਾਰ ਦਿੱਤਾ ਹੈ ਕਿ ਅਜਿਹੇ ਜਾਬਰ ਹੱਥਕੰਡਿਆਂ ਨਾਲ ਦੱਬਣ ਦੀ ਬਜਾਏ ਕਿਸਾਨਾਂ, ਮਜ਼ਦੂਰਾਂ ਦਾ ਹੱਕੀ ਘੋਲ, ਜਨਤਕ ਆਧਾਰ ਵਾਲੀ ਲੋਕ ਲਹਿਰ ਦਾ ਰੂਪ ਧਾਰਨ ਕਰੇਗਾ।  ਲੋਕ ਮੋਰਚਾ ਪੰਜਾਬ ਦੇ ਜਨਰਲ ਸਕੱਤਰ ਅਮੋਲਕ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਪੰਜਾਬ ਵਿਚ ਪੈਦਾ ਹੋ ਰਹੀ ਸਥਿਤੀ ‘ਤੇ ਉਪਰੋਕਤ ਟਿੱਪਣੀ ਕਰਦਿਆਂ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਹੈ ਕਿ ਉਹ ਨੰਗੇ ਚਿੱਟੇ ਤੌਰ ‘ਤੇ ਕਾਤਲਾਂ ਦੀ ਪਿੱਠ ‘ਤੇ ਖੜ੍ਹ ਕੇ ਲੋਕਾਂ ਨਾਲ ਵੈਰ ਅਤੇ ਜੋਕਾਂ ਨਾਲ ਯਾਰਾਨੇ ਵਾਲੇ ਚਰਿੱਤਰ ਦਾ ਹੀ ਜ਼ਾਹਰਾ ਸਬੂਤ ਦੇ ਰਹੀ ਹੈ। ਦੋਵੇਂ ਆਗੂਆਂ ਨੇ ਅੱਜ ਦੀ ਤਾਜ਼ਾ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਸਾਧੂ ਸਿੰਘ ਤਖਤੂਪੁਰਾ ਦੇ ਕਤਲ ਕਾਂਡ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਦੋਸ਼ੀ ਵਿਅਕਤੀਆਂ ਅਤੇ 22 ਜਥੇਬੰਦੀਆਂ ਵੱਲੋਂ ਜਿਸ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਜਾ ਰਹੀ ਹੈ ਉਹ ਅੱਜ ਆਪਣੇ ਹੱਥ ‘ਚ ਨੰਗਾ ਪਿਸਤੌਲ ਲੈ ਕੇ ਪੰਜਾਬ ਪੁਲੀਸ ਦੇ ਨਾਲ ਜੋਟੀ ਪਾ ਕੇ ਆਬਾਦਕਾਰ ਸੁੱਖਾ ਸਿੰਘ (ਪਿੰਡ ਧਰਮਕੋਟ) ਦੇ ਘਰ ਛਾਪਾ ਮਾਰਨ ਗਏ। ਆਗੂਆਂ ਨੇ ਕਿਹਾ ਕਿ ਸੁੱਖਾ ਸਿੰਘ ਗੰਭੀਰ ਰੂਪ ਵਿਚ ਉਸ ਦਿਨ ਫੱਟੜ ਕਰ ਦਿੱਤਾ ਸੀ ਜਦੋਂ ਸਾਧੂ ਸਿੰਘ ਤਖਤੂਪੁਰਾ ਨੂੰ ਕਤਲ ਕੀਤਾ ਗਿਆ। ਸੁੱਖਾ ਸਾਰੀ ਵਾਰਦਾਤ ਦਾ ਚਸ਼ਮਦੀਦ ਗਵਾਹ ਹੈ। ਪੁਲੀਸ ਰੋਕਾਂ, ਦਹਿਸ਼ਤ ਫੈਲਾਉਣ, ਗ੍ਰਿਫਤਾਰੀਆਂ ਅਤੇ ਜਬਰ ਦਾ ਚੱਕਰ ਚਲਾਉਣ ਦੀ ਪ੍ਰਵਾਹ ਨਾ ਕਰਦੇ ਹੋਏ 22 ਜਥੇਬੰਦੀਆਂ ਵੱਲੋਂ ਮਿਲ ਕੇ ਅੱਜ ਦਰਜ਼ਨਾਂ ਥਾਵਾਂ ‘ਤੇ ਰੋਸ ਵਿਖਾਵੇ ਕਰਨ ਅਤੇ ਅੰਮ੍ਰਿਤਸਰ ਵੱਲ ਕੂਚ ਕਰਨ ਲਈ ਨਿਕਲਣ ਨੂੰ ਸੁਲੱਖਣੇ ਵਰਤਾਰੇ ਦੀ ਝਲਕ ਕਰਾਰ ਦਿੰਦਿਆਂ ਦੋਵੇਂ ਆਗੂਆਂ ਨੇ ਦਾਅਵਾ ਕੀਤਾ ਕਿ ਲੋਕ ਰੋਹ ਭਵਿੱਖ ‘ਚ ਹਾਕਮਾਂ ਦੀ ਨੀਂਦ ਹਰਾਮ ਕਰਦਾ ਰਹੇਗਾ।


Comments Off on ਕਿਸਾਨ ਜਥੇਬੰਦੀਆਂ ਦੇ ਧਰਨੇ ਨੂੰ ਰੋਕਣ ਵਿੱੱਚ ਪੁਲੀਸ ਹੋਈ ਸਫਲ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Manav Mangal Smart School
Available on Android app iOS app
Powered by : Mediology Software Pvt Ltd.