ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਏਅਰਪੋਰਟ ਵਾਲੀ ਉਹ ਰਾਤ

Posted On March - 24 - 2010

ਅਭੁੱਲ ਯਾਦ

ਰਣਵੀਰ ਕੌਰ ਚੀਮਾ
ਗੱਲ ਦਸੰਬਰ 2008 ਦੀ ਹੈ। ਅਸੀਂ ਸਾਰਾ ਪਰਿਵਾਰ ਛੋਟੇ ਕਾਕੇ ਨੂੰ ਲੈ ਕੇ ਦੁਬਈ ਤੋਂ ਪੰਜਾਬ ਗਏ ਸੀ। ਅਸੀਂ ਬਹੁਤ ਖੁਸ਼ ਸੀ ਕਿ ਛੋਟੇ ਨੂੰ ਪਹਿਲੀ ਵਾਰ ਲੈ ਕੇ ਜਾ ਰਹੇ ਹਾਂ। ਜੋ ਖੁਸ਼ੀ ਦੁਬਈ ਏਅਰਪੋਰਟ ‘ਤੇ ਸੀ, ਉਸ ਤੋਂ ਜ਼ਿਆਦਾ ਤਾਂਘ ਰਿਸ਼ਤੇਦਾਰਾਂ ਨੂੰ ਮਿਲਣ ਦੀ ਸੀ। ਪਰ ਪਤਾ ਨਹੀਂ ਕਿਉਂ ਕਦੇ-ਕਦੇ ਪਰਦੇਸੀਆਂ ਨੂੰ ਪੰਜਾਬ ਦਾ ਆਪਣਾ ਘਰ ਬੇਗਾਨਾ ਕਿਉਂ ਬਣਾ ਦਿੰਦਾ ਹੈ। ਸਾਡੇ ਲਈ ਘਰ ਦਾ ਮਾਹੌਲ ਏਨਾ ਖੁਸ਼ੀਆਂ ਭਰਿਆ ਨਹੀਂ ਸੀ ਜਿੰਨੀ ਅਸੀਂ ਆਸ ਰੱਖ ਕੇ ਗਏ ਸੀ, ਸ਼ਾਇਦ ਇਸ ਦਾ ਇਕ ਕਾਰਨ ਇਹ ਵੀ ਹੈ ਕਿ ਦੁਬਈ ਰਹਿੰਦੇ ਪਰਦੇਸੀਆਂ ਨੂੰ ਕੋਈ ਜ਼ਿਆਦਾ ਪਰਦੇਸੀ ਨਹੀਂ ਸਮਝਦਾ, ਕੇਵਲ ਇਨ੍ਹਾਂ ਦੀ ਕਮਾਈ ਨੂੰ ਮਹੱਤਵ ਦਿੱਤਾ ਜਾਂਦਾ ਹੈ।
ਥੋੜ੍ਹੇ ਦਿਨਾਂ ਮਗਰੋਂ ਹੀ ਮੇਰੇ ਪਤੀ ਵਾਪਸ ਦੁਬਈ ਆ ਗਏ ਸਨ। ਮੈਂ ਦੋਵੇਂ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ। ਲੜਕੀਆਂ ਲਈ ਸ਼ਾਇਦ ਪੇਕਾ ਘਰ ਹੀ ਉਹ ਘਰ ਹੈ, ਜਿੱਥੇ ਬੁਢਾਪੇ ਤਕ ਵੀ ਉਸ ਲਈ ਘਰ ਦੇ ਦਰਵਾਜ਼ੇ ਖੁੱਲ੍ਹੇ ਰਹਿੰਦੇ ਹਨ। 15 ਕੁ ਦਿਨ ਬਾਅਦ ਅਸੀਂ ਵਾਪਸ ਆਉਣ ਲਈ ਤਿਆਰੀ ਕਰ ਲਈ। ਉਸ ਦਿਨ ਕਾਫੀ ਧੁੰਦ ਸੀ। ਅਸੀਂ ਦੁਪਹਿਰ ਸਮੇਂ ਘਰ ਤੋਂ ਚੱਲ ਪਏ, ਸਾਡੀ ਸ਼ਾਮ ਦੀ ਫਲਾਈਟ ਸੀ। ਮਨ ਵਿਚ ਥੋੜ੍ਹੀ ਉਦਾਸੀ ਲੈ ਕੇ ਸ਼ਾਮ ਨੂੰ ਅਸੀਂ ਏਅਰਪੋਰਟ ‘ਤੇ ਪਹੁੰਚ ਗਏ। ਅੰਮ੍ਰਿਤਸਰ ਜਾ ਕੇ ਪਤਾ ਲੱਗਿਆ ਕਿ ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਰੱਦ ਹੋ ਚੁੱਕੀ ਹੈ। ਮੈਨੂੰੂ ਬਹੁਤ ਘਬਰਾਹਟ ਹੋਈ। ਕੁਝ ਸਮਾਂ ਇੰਤਜ਼ਾਰ ਕਰਨ ਮਗਰੋਂ ਪਤਾ ਲੱਗਿਆ ਕਿ ਏਅਰ ਇੰਡੀਆ ਸ਼ਾਰਜਾਹ ਦੀ ਫਲਾਈਟ ਜਾਵੇਗੀ। ਲੋਕ ਕਾਫੀ ਗੁੱਸੇ ਵਿਚ ਸਨ ਕਿ ਪਹਿਲਾਂ ਕਿਉਂ ਕੁਝ ਨਹੀਂ ਦੱਸਿਆ ਗਿਆ?
ਇਹ ਮੰਨਿਆ ਜਾ ਸਕਦਾ ਹੈ ਕਿ ਧੁੰਦ ਕਾਰਨ ਫਲਾਈਟਾਂ ਰੱਦ ਹੋ ਰਹੀਆਂ ਸਨ, ਪਰ ਕੀ ਸਟਾਫ ਦੀ ਕੋਈ ਜ਼ਿੰਮੇਵਾਰੀ ਨਹੀਂ ਕਿ ਉਹ ਯਾਤਰੀਆਂ ਨੂੰ ਸੂਚਿਤ ਕਰ ਸਕਣ? ਤਿੰਨ ਕੁ ਮਹੀਨੇ ਪਹਿਲਾਂ ਵੀ ਇੰਜ ਹੀ ਹੋਇਆ ਸੀ ਮੇਰੇ ਨਾਲ, ਪਰ ਉਹ ਤਜਰਬਾ ਕਦੇ ਵੀ ਨਹੀਂ ਭੁੱਲਦਾ। ਮੈਂ ਆਪਣੀ ਦੋਸਤ ਨਾਲ ‘ਕੇਰਲ’ ਸਤੰਬਰ 2008 ਵਿਚ ਗਈ ਸੀ। ਉਸ ਦਾ ਕੋਚੀਨ ਹਸਪਤਾਲ ਵਿਚ ਇਲਾਜ ਹੋ ਰਿਹਾ ਸੀ। ਜਿਸ ਦਿਨ ਮੈਂ ਜਾਣਾ ਸੀ, ਉਸ ਦਿਨ ਅਚਾਨਕ ਫਲਾਈਟ ਰੱਦ ਹੋ ਗਈ, ਪਰ ਸਾਨੂੰ ਕੋਚੀਨ ਦੇ ਏਅਰਪੋਰਟ ਤੋਂ ਫੋਨ ਆਇਆ ਕਿ ਕਿਸੇ ਕਾਰਨ ਤੁਹਾਡੀ ਫਲਾਈਟ ਰੱਦ ਹੋ ਗਈ ਹੈ। ਹੁਣ ਤੁਹਾਨੂੰ ਦੂਸਰੀ ਫਲਾਈਟ ਰਾਹੀਂ ਦੁਬਈ ਭੇਜਿਆ ਜਾਵੇਗਾ। ਕ੍ਰਿਪਾ ਕਰਕੇ ਤੁਸੀਂ ਸ਼ਾਮ ਦੇ ਪੰਜ ਵਜੇ ਤਕ ਏਅਰਪੋਰਟ ‘ਤੇ ਪਹੁੰਚੋ। ਮੈਨੂੰ ਕੋਈ ਮੁਸ਼ਕਲ ਨਹੀਂ ਆਈ।
ਮੈਂ 29 ਦਸੰਬਰ ਨੂੰ ਅੰਮ੍ਰਿਤਸਰ ਦੇ ਏਅਰਪੋਰਟ ‘ਤੇ ਖੜ੍ਹੀ ਕੋਚੀਨ ਏਅਰਪੋਰਟ ਦੇ ਸਟਾਫ ਨੂੰ ਯਾਦ ਕਰ ਰਹੀ ਸੀ, ਹਾਲਾਂਕਿ ਜਦੋਂ ਵੀ ਅਸੀਂ ਟਿਕਟ ਬੁੱਕ ਕਰਵਾਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਮੋਬਾਈਲ ਨੰਬਰ ਲਿਆ ਜਾਂਦਾ ਹੈ। ਉਸ ਦਾ ਕਾਰਨ ਸਿਰਫ ਇਹ ਹੀ ਹੁੰਦਾ ਹੈ ਕਿ ਕਿਸੇ ਕਾਰਨ ਕੋਈ ਮੁਸ਼ਕਲ ਆਵੇ ਤਾਂ ਮੁਸਾਫਰ ਨੂੰ ਸੂਚਿਤ ਕੀਤਾ ਜਾ ਸਕੇ। ਖੈਰ, ਮੈਂ ਤੇ ਮਾਮੀ ਏਅਰਪੋਰਟ ‘ਤੇ ਦਫਤਰ ਵਿਚ ਗਏ। ਉੱਥੇ ਵੀ ਕਾਫੀ ਰੌਲਾ-ਰੱਪਾ ਚੱਲ ਰਿਹਾ ਸੀ, ਲੋਕ ਬਹੁਤ ਦੂਰੋਂ-ਦੂਰੋਂ ਆਏ ਹੋਏ ਸਨ ਜਿਨ੍ਹਾਂ ਨੂੰ ਮੁੜਨਾ ਕਾਫੀ ਮੁਸ਼ਕਲ ਸੀ। ਕਾਫੀ ਬਹਿਸ ਤੋਂ ਬਾਅਦ ਆਖਰ ਸਟਾਫ ਤਿਆਰ ਹੋਇਆ ਕਿ ਜੋ ਸ਼ਾਰਜਾਹ ਏਅਰ ਇੰਡੀਆ ਜਾ ਰਹੀ ਹੈ, ਉਸ ਵਿਚ ਭੇਜਿਆ ਜਾਵੇਗਾ। ਮੈਂ ਸੁੱਖ ਦਾ ਸਾਹ ਲਿਆ।
ਕਾਫੀ ਸਮੇਂ ਬਾਅਦ ਮੈਨੂੰ ਬੁਲਾਇਆ ਗਿਆ ਤੇ ਛਾਣਬੀਨ ਕਰਕੇ ਬੋਰਡਿੰਗ ਪਾਸ ਦਿੱਤਾ ਗਿਆ। ਮੈਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਭਰੇ ਮਨ ਨਾਲ ਰਿਸ਼ਤੇਦਾਰਾਂ ਨੂੰ ਵਾਪਸ ਭੇਜ ਦਿੱਤਾ ਕਿਉਂਕਿ ਉਸ ਤੋਂ ਬਾਅਦ ਉਨ੍ਹਾਂ ਦੇ ਉੱਥੇ ਰੁਕੇ ਰਹਿਣ ਦੀ ਕੋਈ ਤੁਕ ਨਹੀਂ ਸੀ। ਅਖੀਰ ਸ਼ਾਮ ਦੇ 7 ਵਜੇ ਸਾਨੂੰ ਜਹਾਜ਼ ਵਿਚ ਬਿਠਾਇਆ ਗਿਆ। ਕਾਫੀ ਸਮਾਂ ਜਹਾਜ਼ ਖੜ੍ਹਾ ਰਿਹਾ ਤੇ ਮੇਰੇ ਮਨ ਨੂੰ ਡਰ ਜਿਹਾ ਲੱਗਣ ਲੱਗਾ। ਆਖਰ ਗੱਲ ਉਹ ਹੀ ਹੋਈ, ਜਿਸ ਦਾ ਮੈਨੂੰ ਡਰ ਸੀ। ਏਅਰਹੋਸਟੈਸ ਨੇ ਕਿਹਾ, ”ਮੁਆਫ ਕਰਨਾ ਸੰਘਣੀ ਧੁੰਦ ਕਾਰਨ ਇਹ ਫਲਾਈਟ ਨਹੀਂ ਜਾ ਸਕੇਗੀ, ਤੁਹਾਨੂੰ ਹੋਟਲਾਂ ਵਿਚ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਧੰਨਵਾਦ।” ਉਸ ਦੇ ਇਹ ਸ਼ਬਦ ਸੁਣ ਕੇ ਜਿਵੇਂ ਮੇਰੇ ਮਨ ਉੱਪਰ ਬਿਜਲੀ ਡਿੱਗ ਪਈ ਹੋਵੇ। ਮੇਰਾ ਵੱਡਾ ਬੇਟਾ ਰੋਣ ਲੱਗ ਪਿਆ। ਜਹਾਜ਼ ਵਿਚੋਂ ਉਤਰ ਕੇ ਵਾਪਸ ਅਸੀਂ ਕਾਊਂਟਰ ‘ਤੇ ਆ ਗਏ। ਉੱਥੇ ਪਤਾ ਲੱਗਿਆ ਕਿ ਸਿਰਫ ਉਨ੍ਹਾਂ ਮੁਸਾਫਰਾਂ ਨੂੰ ਹੋਟਲ ਵਿਚ ਲਿਜਾਇਆ ਜਾਵੇਗਾ, ਜੋ ਸ਼ਾਰਜਾਹ ਏਅਰ ਇੰਡੀਆ ਲਈ ਹਨ। ਜਿਨ੍ਹਾਂ ਨੇ ਫਲਾਈਟ ਬਦਲੀ ਹੈ, ਉਹ ਆਪਣੇ ਰਹਿਣ ਲਈ ਖੁਦ ਜ਼ਿੰਮੇਵਾਰ ਹਨ। ਮੈਂ ਬਹੁਤ ਘਬਰਾ ਗਈ ਕਿਉਂਕਿ ਮੇਰੇ ਰਿਸ਼ਤੇਦਾਰ ਵੀ ਵਾਪਸ ਜਾ ਚੁੱਕੇ ਸਨ। ਮੈਂ ਤਾਂ ਇਕ ਵਾਰੀ ਢੇਰੀ ਢਾਹ ਕੇ ਬੈਠ ਗਈ। ਹੌਸਲਾ ਜਿਹਾ ਕਰਕੇ ਮੈਂ ਇਕ ਸੀਨੀਅਰ ਅਧਿਕਾਰੀ ਨੂੰ ਬੇਨਤੀ ਕੀਤੀ ਕਿ ਸਾਨੂੰ ਦੂਸਰੇ ਮੁਸਾਫਰਾਂ ਨਾਲ ਹੋਟਲ ਵਿਚ ਭੇਜਿਆ ਜਾਵੇ ਪਰ ਉਹ ਨਾ ਮੰਨਿਆ। ਹਾਲਾਂਕਿ ਥਾਂ-ਥਾਂ ਇਹ ਲਿਖਿਆ ਹੁੰਦਾ ਹੈ ਕਿ ਅਸੀਂ ਤੁਹਾਡੀ ਸੇਵਾ ਵਿਚ ਹਾਜ਼ਰ ਹਾਂ?”
ਮੈਂ ਉਸ ਅਧਿਕਾਰੀ ਨੂੰ ਇਹ ਵੀ ਕਿਹਾ ਕਿ ਮੇਰੇ ਕੋਲੋਂ ਹੋਟਲ ਦਾ ਖਰਚਾ ਲੈ ਲਉ, ਪਰ ਕ੍ਰਿਪਾ ਕਰਕੇ ਮੈਨੂੰ ਦੂਸਰੀਆਂ ਜ਼ਨਾਨੀਆਂ ਦੇ ਨਾਲ ਰਹਿਣ ਦਿੱਤਾ ਜਾਵੇ। ਪਰ ਉਸ ਅਫਸਰ ਨੇ ਬੜੀ ਹੀ ਰੁੱਖੀ ਤੇ ਉੱਚੀ ਆਵਾਜ਼ ਵਿਚ ਕਿਹਾ, ”ਜੇ ਕੋਲ ਪੈਸੇ ਹਨ, ਤਾਂ ਟੈਕਸੀ ਕਰਕੇ ਕਿਸੇ ਵੀ ਹੋਟਲ ਵਿਚ ਜਾਉ।” ਜਦੋਂ ਉਸ ਨੇ ਇਹ ਸ਼ਬਦ ਕਹੇ ਤਾਂ ਕਈਆਂ ਦੇ ਚਿਹਰੇ ਲਾਲ ਹੋ ਗਏ ਤੇ ਕਈਆਂ ਦੀਆਂ ਅੱਖਾਂ ਮੇਰੇ ਤਰਸਦੇ ਚਿਹਰੇ ਨੂੰ ਤੱਕਣ ਲੱਗੀਆਂ। ਮੈਂ ਅੱਖਾਂ ਭਰ ਕੇ ਇਕ ਕਿਨਾਰੇ ਬੈਠ ਗਈ ਤੇ ਰਾਤ ਲੰਘਾਉਣ ਬਾਰੇ ਸੋਚਣ ਲੱਗੀ। ਸਮਾਂ ਕਾਫੀ ਹੋ ਗਿਆ ਸੀ ਦੂਸਰੇ ਮੁਸਾਫਰਾਂ ਨੂੰ ਬੱਸਾਂ ਹੋਟਲਾਂ ਵਿਚ ਛੱਡਣ ਲੱਗ ਪਈਆਂ ਸਨ। ਮੈਂ ਇਕੱਲੀ ਹੀ ਰਹਿ ਗਈ ਸੀ ਜਿਸ ਕੋਲ ਰਾਤ ਬਿਤਾਉਣ ਦਾ ਕੋਈ ਠਿਕਾਣਾ ਨਹੀਂ ਸੀ। ਮੇਰੇ ਦੋਵੇਂ ਬੱਚੇ ਰੋਣ ਲੱਗ ਪਏ ਸਨ। ਮੈਨੂੰ ਵੀ ਰੋਣਾ ਆ ਰਿਹਾ ਸੀ ਕਿਉਂਕਿ ਸੰਘਣੀ ਧੁੰਦ ਕਾਰਨ ਕੋਈ ਵੀ ਰਿਸ਼ਤੇਦਾਰ ਮੈਨੂੰ ਜਲਦੀ ਨਹੀਂ ਸੀ ਲੈਣ ਆ ਸਕਦਾ। ਮੈਂ ਰੋਂਦੀ ਹੋਈ ਰੱਬ ਨੂੰ ਯਾਦ ਕਰਨ ਲੱਗੀ। ਜਲਦੀ ਹੀ ਉਸ ਨੇ ਮੇਰੀ ਅਰਦਾਸ ਸੁਣ ਲਈ। ਇਕ 20-22 ਸਾਲ ਦੇ ਲੜਕੇ ਨੇ ਮੇਰੇ ਕੋਲ ਆ ਕੇ ਕਿਹਾ, ”ਭੈਣ ਜੀ ਤੁਸੀਂ ਫਿਕਰ ਨਾ ਕਰੋ, ਤੁਸੀਂ ਮੇਰੇ ਨਾਲ ਚੱਲੋ। ਉਸ ਦੇ ਇਹ ਕਹਿਣ ‘ਤੇ ਏਅਰਪੋਰਟ ਦੇ ਅਧਿਕਾਰੀ ਤੇ ਮੁਸਾਫਰ ਆਪਣੇ ਆਪਣੇ ਅੰਦਾਜ਼ੇ ਲਗਾ ਰਹੇ ਸਨ। ਮੈਂ ਉਸ ਲੜਕੇ ਨੂੰ ਰੱਬ ਦਾ ਫਰਿਸ਼ਤਾ ਸਮਝਿਆ ਅਤੇ ਸਾਮਾਨ ਲੈ ਕੇ ਬਾਹਰ ਆ ਗਈ। ਬਾਹਰ ਆ ਕੇ ਉਸ ਨੇ ਦੱਸਿਆ ਕਿ ਭੈਣ, ਇੱਥੇ ‘ਵੇਰਕਾ’ ਵਿਚ ਮੇਰੇ ਭਰਾ ਦੇ ਸਹੁਰੇ ਹਨ, ਆਪਾਂ ਉਨ੍ਹਾਂ ਦੇ ਘਰ ਚੱਲਦੇ ਹਾਂ। ਉਸ ਨੇ ਘਰ ਫੋਨ ਕਰਕੇ ਆਪਣੀ ਭਾਬੀ ਸਣੇ ਦੋ ਮੈਂਬਰਾਂ ਨੂੰ ਬਲਾ ਲਿਆ। ਇੱਧਰ ਰਾਤ ਦੇ 10 ਵੱਜ ਚੁੱਕੇ ਸਨ ਤੇ ਉੱਧਰ ਦੁਬਈ ਵਿਚ ਮੇਰੇ ਪਤੀ ਪ੍ਰੇਸ਼ਾਨ ਸਨ ਕਿ ਉਹ ਕੀ ਕਰੇਗੀ। ਖੈਰ, ਕਾਫੀ ਸਮੇਂ ਬਾਅਦ ਉਸ ਲੜਕੇ ਦੇ ਭਰਾ-ਭਰਜਾਈ ਸਾਨੂੰ ਲੈਣ ਆ ਗਏ। ਅਸੀਂ ਉਨ੍ਹਾਂ ਦੇ ਘਰ ਪਹੁੰਚ ਗਏ। ਉਸ ਪਰਿਵਾਰ ਨੇ ਸਾਨੂੰ ਬਹੁਤ ਪਿਆਰ ਤੇ ਸਤਿਕਾਰ ਦਿੱਤਾ। ਕਾਫੀ ਰਾਤ ਬੀਤਣ ਤਕ ਪਰਿਵਾਰ ਮੇਰੇ ਨਾਲ ਦੁੱਖ-ਸੁੱਖ ਸਾਂਝਾ ਕਰਦਾ ਰਿਹਾ। ਸਵੇਰੇ ਤਕਰੀਬਨ 10 ਵਜੇ ਉਨ੍ਹਾਂ ਬਹੁਤ ਭਰੇ ਮਨ ਨਾਲ ਸਾਨੂੰ ਵਿਦਾ ਕੀਤਾ। ਆਖਰ ਦੁਪਹਿਰ ਦੀ ਫਲਾਈਟ ਰਾਹੀਂ ਅਸੀਂ ਵਾਪਸ ਦੁਬਈ ਆ ਗਏ।
ਅੱਜ ਵੀ ਜਦੋਂ ਮੈਂ ਉਸ ਘਟਨਾ ਨੂੰ ਯਾਦ ਕਰਦੀ ਹਾਂ ਤਾਂ ਇਕ ਪਾਸੇ ਏਅਰਪੋਰਟ ‘ਤੇ ਤਾਇਨਾਤ ਉਹ ਸੀਨੀਅਰ ਅਧਿਕਾਰੀ ਤੇ ਦੂਸਰੇ ਪਾਸੇ ਉਸ ਲੜਕੇ ਦੀ ਇਨਸਾਨੀਅਤ ਬਾਰੇ ਸੋਚਦੀ ਹਾਂ। ਸ਼ਾਇਦ ਉਸ ਅਧਿਕਾਰੀ ਦੀ ਕੋਈ ਲੜਕੀ ਨਹੀਂ ਹੋਵੇਗੀ। ਇਸੇ ਲਈ ਉਸਦਾ ਦਿਲ ਇਕ ਮਜਬੂਰ, ਬੇਸਹਾਰਾ ਲੜਕੀ ਲਈ ਨਹੀਂ ਪਿਘਲਿਆ ਹੋਵੇਗਾ।


Comments Off on ਏਅਰਪੋਰਟ ਵਾਲੀ ਉਹ ਰਾਤ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.