ਅੱਜ ਤੋਂ ਚੱਲਣਗੀਆਂ 200 ਵਿਸ਼ੇਸ਼ ਰੇਲਗੱਡੀਆਂ !    ਸਨਅਤਕਾਰਾਂ ਨੂੰ ਭਲਕੇ ਸੰਬੋਧਨ ਕਰਨਗੇ ਮੋਦੀ !    ਗ਼ੈਰ-ਜ਼ਰੂਰੀ ਉਡਾਣਾਂ ਨਾ ਚਲਾਉਣ ਦੀ ਚਿਤਾਵਨੀ !    ਪੰਜਾਬ ਵੱਲੋਂ ਲੌਕਡਾਊਨ 5.0 ਸਬੰਧੀ ਦਿਸ਼ਾ ਨਿਰਦੇਸ਼ ਜਾਰੀ !    ਪਾਕਿ ਹਾਈ ਕਮਿਸ਼ਨ ਦੇ ਦੋ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ !    ਬੀਜ ਘੁਟਾਲਾ: ਨਿੱਜੀ ਫਰਮ ਦਾ ਮਾਲਕ ਗ੍ਰਿਫ਼ਤਾਰ, ਸਟੋਰ ਸੀਲ !    ਦਿੱਲੀ ਪੁਲੀਸ ਦੇ ਦੋ ਏਐੱਸਆਈ ਦੀ ਕਰੋਨਾ ਕਾਰਨ ਮੌਤ !    ਸ਼ਰਾਬ ਕਾਰੋਬਾਰੀ ਦੇ ਘਰ ’ਤੇ ਫਾਇਰਿੰਗ !    ਪੰਜਾਬ ’ਚ ਕਰੋਨਾ ਦੇ 31 ਨਵੇਂ ਕੇਸ ਆਏ ਸਾਹਮਣੇ !    ਯੂਪੀ ’ਚ ਮਗਨਰੇਗਾ ਤਹਿਤ ਨਵਿਆਈਆਂ ਜਾਣਗੀਆਂ 19 ਨਦੀਆਂ !    

ਇਨਕਲਾਬੀਆਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ

Posted On March - 23 - 2010

ਸ਼ਹੀਦੀ ਦਿਵਸ

ਡਾ. ਪਰੇਮ ਸਿੰਘ

ਸਮੇਂ ਦੇ ਬੀਤਣ ਨਾਲ ਤੇ ਭਾਰਤੀ ਜਨ ਸਮੂਹਾਂ ਦੀਆਂ ਸਭ ਪ੍ਰਾਪਤੀਆਂ ਦੇ ਬਾਵਜੂਦ ਸਮਾਜਕ ਨਾ-ਬਰਾਬਰੀ ਕਾਇਮ ਹੈ, ਸਗੋਂ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਈ ਹੈ। ਸ਼ਹੀਦਾਂ ਦਾ ਇੱਛਿਤ ਇਨਕਲਾਬ ਨਹੀਂ ਆਇਆ ਤੇ ਨਾ ਹੀ ਨੇੜ ਭਵਿੱਖ ਵਿੱਚ ਇਸ ਦੇ ਵਾਪਰਨ ਦੀਆਂ ਸੰਭਾਵਨਾਵਾਂ ਰੌਸ਼ਨ ਨਜ਼ਰ ਆਉਂਦੀਆਂ ਹਨ।

ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਲੰਮੇ ਸੰਗਰਾਮ ਵਿੱਚ ਅੱਜ ਤੋਂ 79 ਸਾਲ ਪਹਿਲਾਂ ਹੋਈ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹੀਦੀ ਇਕ ਵਿਸ਼ੇਸ਼ ਸਥਾਨ ਰੱਖਦੀ ਹੈ। ਇਸ ਸੰਗਰਾਮ ਵਿੱਚ ਅਨੇਕ ਲੋਕਾਂ ਨੇ ਆਪਣਾ ਯੋਗਦਾਨ ਪਾਇਆ। ਲੱਖਾਂ ਲੋਕਾਂ ਨੇ ਕੈਦਾਂ ਕੱਟੀਆਂ, ਕਈਆਂ ਨੇ ਜਲਾਵਤਨੀਆਂ ਭੋਗੀਆਂ। ਉਮਰ ਕੈਦਾਂ ਕੱਟਣ ਵਾਲੇ ਘੱਟ ਨਹੀਂ ਸਨ ਅਤੇ ਜਾਨ ਵਾਰਨ ਵਾਲੇ ਵੀ ਅਨੇਕ ਸਨ, ਪਰ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਸਥਾਨ ਨਿਵੇਕਲਾ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿੰਨੇ ਵਿਆਪਕ ਪੈਮਾਨੇ ਉਤੇ ਦੇਸ਼ ਦੀ ਆਜ਼ਾਦੀ ਦਾ ਮੁੱਦਾ ਉਸ ਮੌਕੇ ਹਰਮਨ ਪਿਆਰਾ ਹੋਇਆ ਉਸ ਤਰ੍ਹਾਂ ਪਹਿਲਾਂ ਕਦੇ ਨਹੀਂ ਹੋਇਆ ਸੀ ਅਤੇ ਨਾ ਹੀ ਇਨਕਲਾਬ ਦਾ ਨਾਅਰਾ ਉਸ ਢੰਗ ਨਾਲ ਦੇਸ਼ ਦੇ ਇਕ ਕੋਨੇ ਤੋਂ ਦੂਜੇ ਤੱਕ ਫੈਲਿਆ, ਜਿਸ ਤਰ੍ਹਾਂ ਇਹ ਇਨ੍ਹਾਂ ਤਿੰਨਾਂ ਨੌਜਵਾਨਾਂ ਦੀ ਫਾਂਸੀ ਵੇਲੇ ਫੈਲਿਆ ਸੀ। ਆਜ਼ਾਦੀ ਦੀ ਲਹਿਰ ਦੀ ਮੁੱਖ ਧਿਰ ਇੰਡੀਅਨ ਨੈਸ਼ਨਲ ਕਾਂਗਰਸ ਨਾਲ ਇਸ ਨੌਜਵਾਨ ਗਰੁੱਪ ਦੇ ਮੁੱਢੋਂ ਹੀ ਮਤਭੇਦ ਸਨ ਅਤੇ ਜਿੰਨਾ ਥੋੜ੍ਹਾ ਸਮਾਂ ਵੀ ਇਨ੍ਹਾਂ ਨੂੰ ਰਾਜਨੀਤੀ ਵਿੱਚ ਸਰਗਰਮ ਹੋਣ ਦਾ ਮਿਲਿਆ, ਉਸ ਵਿੱਚ ਇਨ੍ਹਾਂ ਇਸ ਪਾਰਟੀ ਨੂੰ ਇਨਕਲਾਬੀ ਸੇਧ ਦੇਣ ਦਾ ਯਤਨ ਕੀਤਾ। ਇਹ ਨੌਜਵਾਨ ਦੇਸ਼ਵਾਸੀਆਂ ਨੂੰ ਜਾਗ੍ਰਿਤ ਕਰਨ ਦੇ ਕਾਰਜ ਵਿੱਚ ਕਾਂਗਰਸ ਪਾਰਟੀ ਅਤੇ ਇਸ ਦੇ ਆਗੂ ਮਹਾਤਮਾ ਗਾਂਧੀ ਦੀ ਦੇਣ ਨੂੰ ਮੰਨਦੇ ਸਨ, ਪਰ ਇਹ ਨਹੀਂ ਮੰਨਦੇ ਸਨ ਕਿ ਆਜ਼ਾਦੀ ਸਰਕਾਰ ਨਾਲ ਸਮਝੌਤੇ ਰਾਹੀਂ ਪ੍ਰਾਪਤ ਹੋ ਸਕਦੀ ਹੈ। ਫਿਰ ਵੀ ਸਮਝੌਤੇ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਖਾਰਜ ਨਾ ਕਰਦੇ ਹੋਏ ਇਹ ਨੌਜਵਾਨ ਅਜਿਹੇ ਸਮਝੌਤੇ ਨੂੰ ਯੋਗ ਸਮਝਦੇ ਸਨ, ਜਿਸ ਦਾ ਸਮੁੱਚਾ ਸੰਗਰਾਮ ਸਫਲਤਾ ਵੱਲ ਵਧਦਾ ਹੋਵੇ। ਇਨ੍ਹਾਂ ਨੂੰ ਫਾਂਸੀ ਦੀਆਂ ਸਜ਼ਾਵਾਂ ਸੁਣਾਏ ਜਾਣ ਨਾਲ ਸਾਰਾ ਦੇਸ਼ ਉਤੇਜਿਤ ਹੋ ਉੱਠਿਆ। ਦੇਸ਼ਵਾਸੀਆਂ ਦੀਆਂ ਭਾਵਨਾਵਾਂ ਦਾ ਤਕਾਜ਼ਾ ਇਹ ਸੀ ਕਿ ਮਹਾਤਮਾ ਗਾਂਧੀ ਵਾਇਸਰਾਏ ਲਾਰਡ ਇਰਵਨ ਨਾਲ ਚੱਲਦੀ ਗੱਲਬਾਤ ਵਿੱਚ ਇਨ੍ਹਾਂ ਨੌਜਵਾਨਾਂ ਦੀ ਫਾਂਸੀ ਦੀ ਮਨਸੂਖੀ ਨੂੰ ਇਕ ਸ਼ਰਤ ਬਣਾਉਣ, ਪਰ ਜੇ ਸਰਕਾਰ ਫਾਂਸੀ ਲਾਉਣ ’ਤੇ ਬਜ਼ਿੱਦ ਰਹੇ ਤਾਂ ਉਹ ਗੱਲਬਾਤ ਵਿੱਚੋਂ ਵਾਕਆਊਟ ਕਰਨ, ਪਰ ਅਜਿਹਾ ਕੁਝ ਨਾ ਹੋਇਆ। ਗਾਂਧੀ-ਇਰਵਨ ਪੈਕਟ ਹੋ ਗਿਆ, ਪਰ ਸਾਜ਼ਾਵਾਂ ਕਾਇਮ ਰਹੀਆਂ।
ਇਸੇ ਦਾ ਨਤੀਜਾ ਸੀ ਕਿ ਜਦੋਂ ਮਹਾਤਮਾ ਗਾਂਧੀ ਕਾਂਗਰਸ ਦੇ ਸਰਬ ਹਿੰਦ ਸਮਾਗਮ ਲਈ ਕਰਾਚੀ ਪਹੁੰਚੇ ਤਾਂ ਰੇਲਵੇ ਸਟੇਸ਼ਨ ਉਤੇ ਉਨ੍ਹਾਂ ਦਾ ਸਵਾਗਤ ਕਾਲੀਆਂ ਝੰਡੀਆਂ ਨਾਲ ਕੀਤਾ ਗਿਆ। ਸਮਾਗਮ ਵਿੱਚ ਰਾਜਸੀ ਕਤਾਰਬੰਦੀ ਦੀ ਸਥਿਤੀ ਕੀ ਸੀ, ਉਸ ਦਾ ਅਨੁਮਾਨ ਇਸ ਗੱਲ ਤੋਂ ਲੱਗ ਸਕਦਾ ਹੈ ਕਿ ਕਾਂਗਰਸ ਪਾਰਟੀ ਦੇ ਅਧਿਕਾਰਤ ਇਤਿਹਾਸਕਾਰ ਡਾ. ਪੱਟਾਭੀ ਸੀਤਾਰਮੱਈਆ ਅਨੁਸਾਰ ਇਸ ਸਮਾਗਮ ਦੇ ਮਾਹੌਲ ਤੋਂ ਇਹ ਅਨੁਮਾਨ ਲਾਉਣਾ ਔਖਾ ਸੀ ਕਿ ਕਿਹੜਾ ਮਤਾ ਵਧੇਰੇ ਖਿੱਚ ਪਾਉਂਦਾ ਸੀ, ਗਾਂਧੀ-ਇਰਵਨ ਸਮਝੌਤੇ ਬਾਰੇ ਮਤਾ ਜਾਂ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਫਾਂਸੀ ਲਈ ਸਰਕਾਰ ਦੀ ਨਿਖੇਧੀ ਦਾ ਮਤਾ। ਇਹ ਗੱਲ ਵੀ ਧਿਆਨਯੋਗ ਹੈ ਕਿ ਇਸ ਸਮਾਗਮ ਦਾ ਇਕ ਹੋਰ ਮਤਾ, ਜਿਸ ਵਿੱਚ 23 ਦਸੰਬਰ 1929 ਨੂੰ ਵਾਇਸਰਾਏ ਦੀ ਗੱਡੀ ਉਤੇ ਕੀਤੇ ਗਏ ਬੰਬ ਦੇ ਵਿਸਫੋਟ ਦੀ ਨਿਖੇਧੀ ਕੀਤੀ ਗਈ ਸੀ ਅਤੇ ਜਿਹੜਾ ਖੁਦ ਗਾਂਧੀ ਜੀ ਨੇ ਤਿਆਰ ਕੀਤਾ ਸੀ, ਕੇਵਲ 81 ਵੋਟਾਂ ਦੀ ਬਹੁਸੰਮਤੀ ਨਾਲ ਪਾਸ ਹੋਇਆ ਸੀ, ਜਦਕਿ ਕੁੱਲ ਵੋਟਾਂ ਦੀ ਗਿਣਤੀ 1713 ਸੀ।
ਅੱਜ ਇਨ੍ਹਾਂ ਇਨਕਲਾਬੀਆਂ ਦੀ ਸ਼ਹੀਦੀ ਦੀ ਵਰ੍ਹੇਗੰਢ ਦੇ ਮੌਕੇ ਉਤੇ ਉਨ੍ਹਾਂ ਵੱਲੋਂ ਦਹਿਸ਼ਤਵਾਦ ਤੋਂ ਜਨਤਕ ਸੰਗਰਾਮ ਵੱਲ ਦੇ ਸਫਰ ਨੂੰ ਵਿਚਾਰਨਾ ਯੋਗ ਹੋਵੇਗਾ। 1928 ਵਿੱਚ ਸਾਈਮਨ ਕਮਿਸ਼ਨ ਵਿਰੁੱਧ ਲਾਹੌਰ ਵਿੱਚ ਰੋਸ ਪ੍ਰਦਰਸ਼ਨ ਅਤੇ ਲਾਲਾ ਲਾਜਪਤ ਰਾਏ ਨੂੰ ਲੱਗੀ ਸੱਟ ਤੇ ਫਿਰ ਉਨ੍ਹਾਂ ਦੀ ਮੌਤ ਅਤੇ ਇਸ ਨਿਰਾਦਰ ਦਾ ਬਦਲਾ ਲੈਣ ਲਈ ਇਨਕਲਾਬੀਆਂ ਵੱਲੋਂ ਸਾਂਡਰਸ ਦਾ ਕਤਲ ਅਤੇ ਫਿਰ ਦਿੱਲੀ ਵਿਖੇ ਕੇਂਦਰੀ ਅਸੈਂਬਲੀ ਵਿੱਚ ਭਗਤ ਸਿੰਘ ਅਤੇ ਬੀ.ਕੇ. ਦੱਤ ਵੱਲੋਂ ਫੋਕੇ ਬੰਬਾਂ ਰਾਹੀਂ ਪਬਲਿਕ ਸੇਫਟੀ ਬਿੱਲ ਅਤੇ ਟਰੇਡ ਡਿਸਪਿਊਟਸ ਬਿੱਲ ਵਿਰੁੱਧ ਰੋਸ ਅਤੇ ਉਨ੍ਹਾਂ ਦੋਹਾਂ ਦੀ ਗ੍ਰਿਫਤਾਰੀ ਆਮ ਜਾਣੇ-ਪਛਾਣੇ ਤੱਥ ਹਨ। ਹਕੀਕਤ ਤਾਂ ਇਹ ਹੈ ਕਿ ਉਨ੍ਹਾਂ ਵੱਲੋਂ ਇਸ ਢੰਗ ਨਾਲ ਆਪਣੇ-ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰਨਾ ਇਸ ਤੱਥ ਦਾ ਸੂਚਕ ਸੀ ਕਿ ਨਿਰੋਲ ਦਹਿਸ਼ਤਗਰਦੀ ਉਤੇ ਟੇਕ ਰੱਖਣ ਦਾ ਰਾਹ ਤਿਆਗਿਆ ਜਾ ਚੁੱਕਾ ਹੈ ਅਤੇ ਜਨਤਕ ਸੰਗਰਾਮ ਰਾਹੀਂ ਸਮਾਜਕ ਤਬਦੀਲੀ ਵੱਲ ਦਾ ਸਫਰ ਸ਼ੁਰੂ ਹੋ ਚੁੱਕਾ ਹੈ। ਉਪਰੰਤ ਇਹ  ਕਿ ਹੁਣ ਇਨਕਲਾਬੀਆਂ ਦੀ ਮੁੱਖ ਟੇਕ ਇਸ ਗੱਲ ਉਤੇ ਹੋਵੇਗੀ ਕਿ ਮੁਕੱਦਮਿਆਂ ਰਾਹੀਂ ਅਦਾਲਤਾਂ ਦੇ ਮੰਚ ਨੂੰ ਵਰਤਦਿਆਂ ਭਾਰਤੀ ਆਵਾਮ ਨੂੰ ਜਾਗ੍ਰਿਤ ਕਰਨ ਦਾ ਉਪਰਾਲਾ ਕੀਤਾ ਜਾਵੇ, ਪਰ ਇਸ ਪੜਾਅ ਉਤੇ ਪਹੁੰਚਣ ਤੋਂ ਪਹਿਲਾਂ ਇਨਕਲਾਬੀਆਂ ਨੇ ਬਹੁਤ ਸਾਰਾ ਅਧਿਐਨ ਕਰ ਲਿਆ ਸੀ ਅਤੇ ਉਨ੍ਹਾਂ ਦੇ ਵਿਚਾਰ ਬਦਲਣੇ ਸ਼ੁਰੂ ਹੋ ਗਏ ਸਨ। ਨਿਰਸੰਦੇਹ ਇਸ ਅਮਲ ਵਿੱਚ ਸਭ ਤੋਂ ਤੀਖਣ-ਬੁਧ ਖੁਦ ਭਗਤ ਸਿੰਘ ਹੀ ਸੀ।
ਇਸ ਪ੍ਰਸੰਗ ਵਿੱਚ ਤਿੰਨ ਮਹੱਤਵਪੂਰਨ ਦਸਤਾਵੇਜ਼ਾਂ ਉਤੇ ਵਿਚਾਰ ਕਰਨਾ ਯੋਗ ਹੋਵੇਗਾ। ਪਹਿਲੀ ਹੈ ‘ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ (ਆਰਮੀ) ਦਾ ਮੈਨੀਫੈਸਟੋ’। ਇਸ ਨੂੰ ਪ੍ਰਸਿੱਧ ਇਨਕਲਾਬੀ ਭਗਵਤੀ ਚਰਨ ਵੋਹਰਾ ਨੇ ਤਿਆਰ ਕੀਤਾ ਅਤੇ ਇਸ ਉਤੇ ਭਗਤ ਸਿੰਘ ਅਤੇ ਚੰਦਰ ਸ਼ੇਖਰ ਆਜ਼ਾਦ ਦੀ ਪ੍ਰਵਾਨਗੀ ਲੈ ਲਈ ਗਈ ਸੀ। ਫਿਰ ਇਸ ਦੀਆਂ ਕਾਪੀਆਂ ਦਸੰਬਰ 1929 ਵਿੱਚ ਲਾਹੌਰ ਵਿੱਚ ਹੋਏ ਕਾਂਗਰਸ ਦੇ ਸਮਾਗਮ ਵਿੱਚ ਵੰਡੀਆਂ ਗਈਆਂ। ਇਸ ਮੈਨੀਫੈਸਟੋ ਵਿੱਚ ਉਨ੍ਹਾਂ ਸਾਫ ਲਿਖਿਆ:
‘‘ਇਹ ਐਸੋਸੀਏਸ਼ਨ ਭਾਰਤ ਵਿੱਚ ਇਨਕਲਾਬ ਲਿਆਉਣਾ ਚਾਹੁੰਦੀ ਹੈ ਤਾਂ ਜੋ ਜਥੇਬੰਦ ਹਥਿਆਰਬੰਦ ਬਗ਼ਾਵਤ ਨਾਲ ਭਾਰਤ ਨੂੰ ਵਿਦੇਸ਼ੀ ਗਲਬੇ ਤੋਂ ਮੁਕਤ ਕੀਤਾ ਜਾਵੇ। ਗ਼ੁਲਾਮ ਲੋਕਾਂ ਵੱਲੋਂ ਖੁੱਲ੍ਹੀ ਬਗ਼ਾਵਤ ਤੋਂ ਪਹਿਲਾਂ ਗੁਪਤ ਪ੍ਰਚਾਰ ਅਤੇ ਗੁਪਤ ਤਿਆਰੀਆਂ ਹੋਣਗੀਆਂ। ਇਕ ਵਾਰ ਜਦੋਂ ਦੇਸ਼ ਕੰਮ ਦੇ ਇਸ ਪੜਾਅ ਉਤੇ ਪੁੱਜੇਗਾ ਤਾਂ ਵਿਦੇਸ਼ੀ ਸਰਕਾਰ ਦਾ ਕੰਮ ਅਸੰਭਵ ਹੋ ਜਾਵੇਗਾ। ਇਹ ਕੁਝ ਸਾਲ ਚੱਲ ਸਕਦੀ ਹੈ, ਪਰ ਇਸ ਦੀ ਹੋਣੀ ਦਾ ਫੈਸਲਾ ਹੋ ਚੁੱਕਾ ਹੋਵੇਗਾ।’’
ਮੈਨੀਫੈਸਟੋ ਵਿੱਚ ਇਹ ਵੀ ਕਿਹਾ ਗਿਆ  ਕਿ ਅਹਿੰਸਾ ਬਾਰੇ ਨਿਰਾਰਥਕ ਚਰਚਾ ਕਰਨ ਦਾ ਰਿਵਾਜ ਪੈ ਗਿਆ ਹੈ। ਮਹਾਤਮਾ ਗਾਂਧੀ ਮਹਾਨ ਹਨ ਅਤੇ ਜੇ ਅਸੀਂ ਦੇਸ਼ ਦੀ ਆਜ਼ਾਦੀ ਲਈ ਉਨ੍ਹਾਂ ਵੱਲੋਂ ਦਰਸਾਏ ਰਾਹ ਬਾਰੇ ਪੂਰੇ ਜ਼ੋਰ ਨਾਲ ਅਸਹਿਮਤੀ ਪ੍ਰਗਟ ਕਰਦੇ ਹਾਂ ਤਾਂ ਸਾਡਾ ਭਾਵ ਉਨ੍ਹਾਂ ਦਾ ਨਿਰਾਦਰ ਨਹੀਂ, ਪਰ ਸਾਡੇ ਵਿਚਾਰ ਵਿਚ ਮਹਾਤਮਾ ਇਕ ਅਸੰਭਵ ਪ੍ਰਕਾਰ ਦਾ ਸੁਪਨਾ ਲੈ ਰਹੇ ਹਨ। ਅਸੀਂ ਕੇਵਲ ਅਹਿੰਸਾ ਨਾਲ ਆਜ਼ਾਦੀ ਪ੍ਰਾਪਤ ਨਹੀਂ ਕਰ ਸਕਾਂਗੇ। ਅਸੀਂ ਹਿੰਸਾ ਵਿੱਚ ਵਿਸ਼ਵਾਸ ਰੱਖਦੇ ਹਾਂ, ਇਕ ਨਿਸ਼ਾਨੇ ਵਜੋਂ ਨਹੀਂ, ਸਗੋਂ ਇਕ ਪਵਿੱਤਰ ਨਿਸ਼ਾਨੇ ਉਤੇ ਪੁੱਜਣ ਲਈ ਇਕ ਸਾਧਨ ਵਜੋਂ। ਇਸ ਵਿੱਚ ਸ਼ੱਕ ਨਹੀਂ ਕਿ ਇਨਕਲਾਬੀ ਇਹ ਗੱਲ ਠੀਕ ਤੌਰ ਉਤੇ ਸਮਝਦੇ ਹਨ ਕਿ ਕੇਵਲ ਦਹਿਸ਼ਤਗਰਦੀ ਨਾਲ ਹੀ ਸਭ ਤੋਂ ਵੱਧ ਅਸਰਦਾਇਕ ਜਵਾਬੀ ਕਾਰਵਾਈ ਕੀਤੀ ਜਾ ਸਕਦੀ ਹੈ। ਇਨਕਲਾਬੀਆਂ ਵੱਲੋਂ ਕੀਤੀ ਗਈ ਜਵਾਬੀ ਦਹਿਸ਼ਤ ਹੀ ਅਫਸਰਸ਼ਾਹੀ ਦੀ ਧੌਂਸ ਨੂੰ ਅਸਰਦਾਇਕ ਢੰਗ ਨਾਲ ਰੋਕ ਸਕਦੀ ਹੈ। ਇਸ ਸਮੇਂ ਸਮਾਜ ਵਿੱਚ ਪੂਰੀ ਬੇਬਸੀ ਦੀ ਅਵਸਥਾ ਹੈ।
‘ਮੈਨੀਫੈਸਟੋ’ ਵਿੱਚ ਕਿਹਾ ਗਿਆ ਹੈ ਕਿ ਕੁਝ ਸਿਆਸਤਦਾਨਾਂ ਦਾ ‘ਡੋਮੀਨੀਅਨ ਸਟੇਟਸ’ ਵੱਲ ਝੁਕਾਅ ਇਹ ਗੱਲ ਸਪਸ਼ਟ ਕਰਦਾ ਹੈ ਕਿ ਹਵਾ ਦਾ ਰੁਖ਼ ਕਿਸ ਪਾਸੇ ਹੈ। ਇਹ ਸਿਆਸਤਦਾਨ ਦੇਸ਼ ਦੀ ਸਰਕਾਰ ਵਿੱਚ ‘ਨਿਗੂਣਾ ਹਿੱਸਾ ਲੈਣਾ’ ਚਾਹੁੰਦੇ ਹਨ। ਇਸ ਲਈ ਮਜ਼ਦੂਰ ਜਮਾਤ ਦੀ ਆਸ ਸਮਾਜਵਾਦ ਉਤੇ ਲੱਗੀ ਹੋਈ ਹੈ, ਜਿਸ ਨਾਲ ਹੀ ਮੁਕੰਮਲ ਆਜ਼ਾਦੀ ਦੀ ਸਥਾਪਨਾ ਹੋ ਸਕਦੀ ਹੈ ਅਤੇ ਸਭ ਤਰ੍ਹਾਂ ਦੀਆਂ ਸਮਾਜਕ ਨਾ-ਬਰਾਬਰੀਆਂ ਅਤੇ ਵਿਸ਼ੇਸ਼ ਅਧਿਕਾਰ   ਖਤਮ ਹੋ ਸਕਦੇ ਹਨ। ਅਖੀਰ ਵਿੱਚ ਇਸ ਮੈਨੀਫੈਸਟੋ ਵਿੱਚ    ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਦੇਸ਼ ਦੇ ਹਰ ਕੋਨੇ    ਵਿੱਚ ਜਾ ਕੇ ਭਵਿੱਖ ਦੇ ਇਨਕਲਾਬ ਦੀ ਤਿਆਰੀ ਕਰਨ ਜਿਹੜਾ ਲਾਜ਼ਮੀ ਆਵੇਗਾ।
ਇਨਕਲਾਬੀਆਂ ਦਾ ਦੂਜਾ ਮਹੱਤਵਪੂਰਨ ਦਸਤਾਵੇਜ਼ ‘ਬੰਬ ਦਾ ਫਲਸਫ਼ਾ’ ਹੈ। ਇਸ ਨੂੰ ਵੀ ਭਗਵਤੀ ਚਰਨ ਵੋਹਰਾ ਨੇ ਲਿਖਿਆ ਸੀ ਅਤੇ ਗੁਪਤ ਤੌਰ ਉਤੇ ਜੇਲ੍ਹ ਵਿੱਚ ਭੇਜ ਕੇ ਇਸ ਉਤੇ ਭਗਤ ਸਿੰਘ ਅਤੇ ਦੂਜੇ ਇਨਕਲਾਬੀਆਂ ਦੀ ਪ੍ਰਵਾਨਗੀ ਲੈ ਲਈ ਗਈ ਸੀ। ਇਹ ਮਹਾਤਮਾ ਗਾਂਧੀ ਦੇ ਉਸ ਲੇਖ ਦਾ ਜਵਾਬ ਸੀ ਜਿਸ ਦਾ ਸਿਰਲੇਖ ਸੀ ‘ਬੰਬ ਦੀ ਪੂਜਾ’ ਅਤੇ ਜਿਸ ਵਿੱਚ ਇਨਕਲਾਬੀਆਂ ਵੱਲੋਂ ਲਾਰਡ ਇਰਵਨ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੇ ਯਤਨ ਦੀ ਨਿਖੇਧੀ ਕੀਤੀ ਗਈ ਸੀ। ਅਹਿੰਸਾ ਦੇ ਸਿਧਾਂਤ ਦੀ ਹੋਰ ਵਿਆਖਿਆ ਕਰਦਿਆਂ ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਸੀ ਕਿ ਅਹਿੰਸਾ ਅਸਲ ਵਿੱਚ ਆਤਮਿਕ ਸ਼ਕਤੀ ਦਾ ਸਿਧਾਂਤ ਹੈ, ਜਿਸ ਅਨੁਸਾਰ ਆਪਣੇ-ਆਪ ਨੂੰ ਦੁਖ ਦੇ ਕੇ ਆਪਣੇ ਵਿਰੋਧੀ ਨੂੰ ਅੰਤਿਮ ਤੌਰ ਉਤੇ ਆਪਣੇ ਖਿਆਲਾਂ ਬਾਰੇ ਕਾਇਲ ਕਰੀਦਾ ਹੈ। ਜਦੋਂ ਕੋਈ ਇਨਕਲਾਬੀ ਕੁਝ ਚੀਜ਼ਾਂ ਨੂੰ ਆਪਣਾ ਹੱਕ ਸਮਝਦਾ ਹੈ, ਉਨ੍ਹਾਂ ਲਈ ਦਲੀਲਾਂ ਦਿੰਦਾ ਹੈ, ਉਨ੍ਹਾਂ ਦੀ ਪ੍ਰਾਪਤੀ ਲਈ ਵੱਡੇ ਤੋਂ ਵੱਡਾ ਦੁਖ ਭੋਗਣ ਨੂੰ ਤਿਆਰ ਰਹਿੰਦਾ ਹੈ, ਉਹ ਆਪਣੇ ਯਤਨਾਂ ਵਿੱਚ ਸਰੀਰਕ ਸ਼ਕਤੀ ਵੀ ਵਰਤਦਾ ਹੈ। ਤੁਸੀਂ ਇਸ ਲਈ ਕੋਈ ਸ਼ਬਦ ਵੀ ਵਰਤ ਲਵੋ, ਪਰ ਤੁਸੀਂ ਇਸ ਨੂੰ ਹਿੰਸਾ  ਨਹੀਂ ਕਹਿ ਸਕਦੇ।
ਸਤਿਆਗ੍ਰਹਿ ਦਾ ਭਾਵ ਹੈ, ਸੱਚ ਉਤੇ ਦ੍ਰਿੜ੍ਹਤਾ ਪਰ ਫਿਰ ਇਸ ਵਿੱਚ ਸਰੀਰਕ ਸ਼ਕਤੀ ਦੀ ਵਰਤੋਂ ਕਿਉਂ ਨਾ ਹੋਵੇ? ਆਜ਼ਾਦੀ ਦੀ ਪ੍ਰਾਪਤੀ ਲਈ ਇਨਕਲਾਬੀ ਸਭਨਾਂ ਸ਼ਕਤੀਆਂ ਦੀ ਵਰਤੋਂ ਦੇ ਹੱਕ ਵਿੱਚ ਹਨ, ਪਰ ਆਤਮਿਕ ਸ਼ਕਤੀ ਦੇ ਮੁਦੱਈ ਸਰੀਰਕ ਸ਼ਕਤੀ ਉਤੇ ਪਾਬੰਦੀ ਲਾਉਣਾ ਚਾਹੁੰਦੇ ਹਨ। ਇਸ ਲਈ ਸਵਾਲ ਇਹ ਨਹੀਂ ਕਿ ਕੀ ਤੁਸੀਂ ਹਿੰਸਾ ਦੀ ਵਰਤੋਂ ਕਰੋਗੇ, ਸਵਾਲ ਇਹ ਹੈ ਕਿ ਤੁਸੀਂ ਆਤਮਿਕ ਸ਼ਕਤੀ ਨਾਲ ਸਰੀਰਕ ਸ਼ਕਤੀ ਵਰਤੋਗੇ ਜਾਂ ਕੇਵਲ ਆਤਮਿਕ ਸ਼ਕਤੀ ਹੀ ਵਰਤੋਗੇ।
ਕਾਂਗਰਸ ਪਾਰਟੀ ਪ੍ਰਤੀ ਇਨਕਲਾਬੀਆਂ ਦੀ ਪੁਜ਼ੀਸ਼ਨ ਦੀ ਵਿਆਖਿਆ ਕਰਦਿਆਂ ਇਸ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਨੇ ਆਪਣਾ ਨਿਸ਼ਾਨਾ ਸਵੈ-ਰਾਜ ਦੀ ਥਾਂ ਉਤੇ ਮੁਕੰਮਲ ਆਜ਼ਾਦੀ ਬਣਾਇਆ ਹੈ। ਇਸ ਦੇ ਤਰਕ ਸੰਗਤ ਨਤੀਜੇ ਵਜੋਂ ਆਸ ਤਾਂ ਇਹ ਕਰਨੀ ਚਾਹੀਦੀ ਸੀ ਕਿ ਇਹ ਬਰਤਾਨਵੀ ਸਰਕਾਰ ਵਿਰੁੱਧ ਜੰਗ ਦਾ ਐਲਾਨ ਕਰਦੀ, ਪਰ ਇਸ ਦੇ ਉਲਟ ਅਸੀਂ ਵੇਖਦੇ ਹਾਂ ਕਿ ਇਸ ਨੇ ਇਨਕਲਾਬੀਆਂ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਦਾ ਪਹਿਲਾ ਹਮਲਾ ਇਕ ਪ੍ਰਸਤਾਵ ਦੇ ਰੂਪ ਵਿੱਚ ਆਇਆ, ਜਿਸ ਵਿੱਚ ਵਾਇਸਰਾਏ ਦੀ ਗੱਡੀ ਨੂੰ ਬੰਬ ਨਾਲ ਉਡਾਉਣ ਦੀ ਨਿਖੇਧੀ ਕੀਤੀ ਗਈ ਸੀ। ਹੁਣ ਗਾਂਧੀ ਜੀ ਨੇ ਬੰਬ ਦੀ ਪੂਜਾ ਵਿੱਚ ਆਪਣੇ ਹਮਲੇ ਨੂੰ ਜਾਰੀ ਰੱਖਿਆ ਹੈ। ਇਸ ਵਿੱਚ ਉਨ੍ਹਾਂ ਦੇ ਵਿਸ਼ਵਾਸ ਦਾ ਪ੍ਰਗਟਾਵਾ ਹੈ, ਰਾਵਾਂ ਹਨ ਅਤੇ ਜਿਨ੍ਹਾਂ ਦੀ ਪੁਸ਼ਟੀ ਲਈ ਦਿੱਤੀਆਂ ਗਈਆਂ ਦਲੀਲਾਂ ਹਨ। ਸਾਡਾ ਕਹਿਣਾ ਇਹ ਹੈ ਕਿ ਗਾਂਧੀ ਜੀ ਨੂੰ ਦੇਸ਼ ਦੇ ਆਪਣੇ ਸੱਜਰੇ ਦੌਰੇ ਬਾਰੇ ਭੁਲੇਖੇ ਵਿੱਚ ਨਹੀਂ ਰਹਿਣਾ ਚਾਹੀਦਾ। ਉਹ ਕਹਿੰਦੇ ਹਨ ਕਿ ਇਸ ਦੌਰੇ ਨੇ ਉਨ੍ਹਾਂ ਨੂੰ ਕਾਇਲ ਕਰ ਦਿੱਤਾ ਹੈ ਕਿ ਭਾਰਤੀ ਆਵਾਮ ਵਿੱਚ ਹਿੰਸਾ ਦੀ      ਭਾਵਨਾ ਨਹੀਂ ਅਤੇ ਅਹਿੰਸਾ  ਇਕ ਰਾਜਸੀ ਹਥਿਆਰ ਵਜੋਂ ਸਥਾਪਤ ਹੋ ਗਈ ਹੈ, ਪਰ ਅਜਿਹੇ ਦੌਰਿਆਂ ਵਿੱਚ ਜਦੋਂ ਜਨਤਕ ਮੰਚ ਤੋਂ ਲੋਕਾਂ ਨੂੰ ਦਰਸ਼ਨ ਅਤੇ ਉਪਦੇਸ਼ ਦਿੱਤੇ ਜਾਂਦੇ ਹੋਣ, ਉਨ੍ਹਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝਿਆ ਜਾ ਸਕਦਾ। ਕੀ ਗਾਂਧੀ ਜੀ ਆਵਾਮ ਦੀ ਸਮਾਜਕ ਜ਼ਿੰਦਗੀ ਵਿੱਚ ਘੁਲੇ-ਮਿਲੇ ਹਨ? ਕੀ ਉਨ੍ਹਾਂ ਸ਼ਾਮ ਦੀ ਬਲਦੀ ਹੋਈ ਢਾਂਡਰੀ ਦੁਆਲੇ ਬੈਠੇ ਕਿਸਾਨ ਨਾਲ ਬਹਿ ਕੇ ਵੇਖਿਆ ਹੈ?
ਕਾਂਗਰਸ ਬਾਰੇ ਇਨਕਲਾਬੀਆਂ ਦੀਆਂ ਉਮੀਦਾਂ ਦਾ ਜ਼ਿਕਰ ਕਰਦਿਆਂ ਦਸਤਾਵੇਜ਼ ਵਿੱਚ ਕਿਹਾ ਗਿਆ ਹੈ ਕਿ ਇਨਕਲਾਬੀ ਉਸ ਦਿਨ ਦੀ ਉਡੀਕ ਕਰ ਰਹੇ ਹਨ ਜਦੋਂ ਅਹਿੰਸਾ ਦਾ ਕਾਨੂੰਨ ਕਾਂਗਰਸ ਤੋਂ ਲੱਥ ਜਾਵੇਗਾ ਤੇ ਇਹ ਇਨਕਲਾਬੀਆਂ ਨਾਲ ਮੋਢਾ ਜੋੜ ਕੇ ਮੁਕੰਮਲ ਆਜ਼ਾਦੀ ਦੇ ਸਾਂਝੇ ਨਿਸ਼ਾਨੇ ਵੱਲ ਵਧੇਗੀ। ਅਖੀਰ ਵਿੱਚ ਇਸ ਦਸਤਾਵੇਜ਼ ਵਿੱਚ ਦੇਸ਼ਵਾਸੀਆਂ, ਯੁਵਕਾਂ, ਮਜ਼ਦੂਰਾਂ ਅਤੇ ਕਿਸਾਨਾਂ, ਇਨਕਲਾਬੀਆਂ, ਦਾਨਿਸ਼ਵਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਜ਼ਾਦੀ ਦੇ ਝੰਡੇ ਨੂੰ ਉੱਚਾ ਰੱਖਣ ਲਈ ਇਨਕਲਾਬੀਆਂ ਦਾ ਸਾਥ ਦੇਣ ਅਤੇ ਇਕ ਅਜਿਹੇ ਸਮਾਜ ਦੀ ਸਥਾਪਨਾ ਵਿੱਚ ਮਦਦ ਕਰਨ ਜਿਸ ਵਿੱਚ ਰਾਜਸੀ ਅਤੇ ਆਰਥਿਕ ਲੁੱਟ-ਖੋਹ ਅਸੰਭਵ ਹੋ ਜਾਵੇਗੀ।
ਉਨ੍ਹਾਂ ਦਾ ਤੀਜਾ ਦਸਤਾਵੇਜ਼ ‘ਰਾਜਸੀ ਵਰਕਰਾਂ ਨੂੰ ਸੰਦੇਸ਼’ ਦੇ ਰੂਪ ਵਿੱਚ ਸਾਹਮਣੇ ਆਇਆ। ਇਹ ਫਰਵਰੀ 1931 ਵਿੱਚ ਲਿਖਿਆ ਗਿਆ, ਜਦੋਂ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਫਾਂਸੀ ਨੂੰ ਕੁਝ ਦਿਨ ਹੀ ਬਚੇ ਸਨ। ਇਸ ਵਿੱਚ ਤੀਖਣ ਰਾਜਸੀ ਸੂਝ ਦਾ ਪ੍ਰਮਾਣ ਦਿੰਦਿਆਂ ਭਗਤ ਸਿੰਘ ਨੇ ਲਿਖਿਆ ਕਿ ਮੌਜੂਦਾ ਲਹਿਰ ਦਾ ਅੰਤ ਕਿਸੇ ਤਰ੍ਹਾਂ ਦੇ ਸਮਝੌਤੇ ਦੇ ਰੂਪ ਵਿੱਚ ਹੋਵੇਗਾ। ਨਾਲ ਹੀ ਕਿਹਾ ਕਿ ਸਮਝੌਤਾ ਏਡੀ ਮਾੜੀ ਤੇ ਨਖਿਧ ਗੱਲ ਨਹੀਂ ਜਿਵੇਂ ਕਿ ਆਮ ਸਮਝਿਆ ਜਾਂਦਾ ਹੈ। ਇਹ ਸਗੋਂ ਰਾਜਸੀ ਰਣਨੀਤੀ ਵਿੱਚ ਇਕ ਲਾਜ਼ਮੀ ਅੰਸ਼ ਹੈ। ਕੌਮ ਦੇ ਸਾਰੇ ਵਸੀਲੇ ਅਤੇ ਇਸ ਦੀਆਂ ਸਾਰੀਆਂ ਸ਼ਕਤੀਆਂ ਇਕੱਠੀਆਂ ਕਰਨ ਨਾਲ ਆਖਰੀ ਸੱਟ ਮਾਰੀ ਜਾ ਸਕਦੀ ਹੈ, ਪਰ ਫਿਰ ਵੀ ਇਹ ਅਸਫਲ ਹੋ ਸਕਦੀ ਹੈ। ਇਸੇ ਕਾਰਨ ਸਮਝੌਤਾ ਲਾਜ਼ਮੀ ਹੋ ਜਾਂਦਾ ਹੈ। ਸਮਝੌਤੇ ਨੂੰ ਲਾਜ਼ਮੀ ਮੰਨਦਿਆਂ ਹੋਇਆਂ ਸਾਨੂੰ ਲਹਿਰ ਦੇ ਸੰਕਲਪ ਨੂੰ ਸਦਾ ਸਾਹਮਣੇ ਰੱਖਣਾ ਚਾਹੀਦਾ ਹੈ। ਸਾਨੂੰ ਇਸ ਗੱਲ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ ਕਿ ਅਸੀਂ ਕਿਸ ਮੰਤਵ ਲਈ ਲੜ ਰਹੇ ਹਾਂ। ਪ੍ਰਸਿੱਧ ਨੈਸ਼ਨਲਿਸਟ ਆਗੂ ਬਾਲ ਗੰਗਾਧਰ ਤਿਲਕ ਦੀ ਉਦਾਹਰਣ ਦਿੰਦਿਆਂ ਭਗਤ ਸਿੰਘ ਨੇ ਲਿਖਿਆ ਕਿ ਉਸ ਦੇ ਆਦਰਸ਼ ਤੋਂ ਇਲਾਵਾ ਉਸ ਦੀ ਰਣਨੀਤੀ ਸਭ ਤੋਂ ਵਧੀਆ ਸੀ। ਤੁਸੀਂ ਆਪਣੇ ਵੈਰੀ ਤੋਂ ਸੋਲਾਂ ਆਨੇ ਲੈਣ ਲਈ ਲੜ ਰਹੇ ਹੋ, ਪਰ ਤੁਹਾਨੂੰ ਕੇਵਲ ਇਕ ਆਨਾ ਮਿਲਦਾ ਹੈ। ਇਸ ਨੂੰ ਜੇਬ ਵਿੱਚ ਪਾਉ ਤੇ ਬਾਕੀ  ਲਈ ਲੜੋ। ਮਾਡਰੇਟ ਤਾਂ ਮੰਗਦੇ ਹੀ ਇਕ ਆਨਾ ਹਨ ਤੇ ਇਹ ਉਨ੍ਹਾਂ ਨੂੰ ਮਿਲਦਾ ਨਹੀਂ। ਇਨਕਲਾਬੀਆਂ ਨੂੰ ਸਦਾ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਉਹ ਇਕ ਮੁਕੰਮਲ ਇਨਕਲਾਬ ਲਈ ਸੰਘਰਸ਼ਸ਼ੀਲ ਹਨ।
ਅਜਿਹੇ ਸਨ ਇਨਕਲਾਬੀਆਂ ਦੇ ਇਸ ਗਰੁੱਪ ਦੇ ਵਿਚਾਰ। ਅੱਜ ਉਨ੍ਹਾਂ ਨੂੰ ਯਾਦ ਕਰਦਿਆਂ ਅਸੀਂ ਇਸ ਵਚਿੱਤਰ ਵਰਤਾਰੇ ਦੇ ਸਨਮੁਖ ਹਾਂ ਕਿ ਉਹ ਪਹਿਲਾਂ ਨਾਲੋਂ ਕਿਤੇ ਵੱਧ ਹਰਮਨਪਿਆਰੇ ਹੋ ਗਏ ਹਨ। ਉਨ੍ਹਾਂ ਵਕਤਾਂ ਵਿੱਚ ਖ਼ੁਦ ਜਵਾਹਰ ਲਾਲ ਨਹਿਰੂ ਨੇ ਇਸ ਅਦਭੁੱਤ ਵਰਤਾਰੇ ਦਾ ਨੋਟਿਸ ਲਿਆ ਸੀ। ਹੋਰਨਾਂ ਕਾਰਨਾਂ ਤੋਂ ਇਲਾਵਾ ਇਕ ਕਾਰਨ ਇਹ ਵੀ ਪ੍ਰਤੀਤ ਹੁੰਦਾ ਹੈ ਕਿ ਸਮੇਂ ਦੇ ਬੀਤਣ ਨਾਲ ਤੇ ਭਾਰਤੀ ਜਨ ਸਮੂਹਾਂ ਦੀਆਂ ਸਭ ਪ੍ਰਾਪਤੀਆਂ ਦੇ ਬਾਵਜੂਦ ਸਮਾਜਕ ਨਾ-ਬਰਾਬਰੀ ਕਾਇਮ ਹੈ, ਸਗੋਂ ਹੋਰ ਵੀ ਗੰਭੀਰ ਰੂਪ ਧਾਰਨ ਕਰ ਗਈ ਹੈ। ਉਨ੍ਹਾਂ ਦਾ ਇੱਛਿਤ ਇਨਕਲਾਬ ਨਹੀਂ ਆਇਆ ਤੇ ਨਾ ਹੀ ਨੇੜ ਭਵਿੱਖ ਵਿੱਚ ਇਸ ਦੇ ਵਾਪਰਨ ਦੀਆਂ ਸੰਭਾਵਨਾਵਾਂ ਰੌਸ਼ਨ ਨਜ਼ਰ ਆਉਂਦੀਆਂ ਹਨ।


Comments Off on ਇਨਕਲਾਬੀਆਂ ਦੇ ਵਿਚਾਰਾਂ ਦੀ ਪ੍ਰਸੰਗਿਕਤਾ
1 Star2 Stars3 Stars4 Stars5 Stars (No Ratings Yet)
Loading...
Both comments and pings are currently closed.

Comments are closed.

Available on Android app iOS app
Powered by : Mediology Software Pvt Ltd.